ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ: ਨਵੀਂ ਦਿੱਲੀ ਦੇ ਏਅਰਪੋਰਟ ’ਤੇ ‘ਪੰਜਾਬ ਸਹਾਇਤਾ ਕੇਂਦਰ’ ਸਮਰਪਿਤ

ਨਵੀਂ ਦਿੱਲੀ, ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੋਂ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-3 ਵਿਚ ‘ਪੰਜਾਬ ਸਹਾਇਤਾ ਕੇਂਦਰ’ ਦੇ ਨਾਮ ਹੇਠ ਆਹਲਾ ਦਰਜੇ ਦਾ ਐਨ.ਆਰ.ਆਈ. ਸੁਵਿਧਾ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ।
ਸਹਾਇਤਾ ਕੇਂਦਰ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਲਈ ਅੱਜ ਇਕ ਇਤਿਹਾਸਕ ਦਿਨ ਹੈ ਕਿਉਂਕਿ ਪੰਜਾਬ ਅਜਿਹਾ ਉਪਰਾਲਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਤੋਂ ਸੂਬਾ ਸਰਕਾਰ ਦੀ ਐਨਆਰਆਈ ਭਾਈਚਾਰੇ ਦੀ ਮਦਦ ਅਤੇ ਸਹਿਯੋਗ ਕਰਨ ਲਈ ਦ੍ਰਿੜ ਪ੍ਰਤੀਬੱਧਤਾ ਦਾ ਪ੍ਰਗਟਾਵਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਇਹ ਕੇਂਦਰ 24 ਘੰਟੇ ਕਾਰਜਸ਼ੀਲ ਰਹੇਗਾ ਅਤੇ ਇਸ ਟਰਮੀਨਲ ਉਤੇ ਆਉਣ ਵਾਲੇ ਐਨ.ਆਰ.ਆਈਜ਼ ਅਤੇ ਹੋਰ ਮੁਸਾਫਰਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕੇਂਦਰ ਕੋਲ ਦੋ ਇਨੋਵਾ ਕਾਰਾਂ ਹੋਣਗੀਆਂ ਜੋ ਮੁਸਾਫਰਾਂ ਨੂੰ ਪੰਜਾਬ ਭਵਨ ਜਾਂ ਹੋਰ ਨੇੜਲੀਆਂ ਥਾਵਾਂ ਉਤੇ ਲਿਜਾਣ ਲਈ ਸਹਾਇਤਾ ਕਰਨਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਸਹਾਇਤਾ ਲੈਣ ਲਈ 011-61232182 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਬਾਰੇ ਸਹਾਇਕ ਸਟਾਫ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨੇ ਸਮੁੱਚੇ ਖੇਡ ਜਗਤ ਨੂੰ ਵੱਡਾ ਧੱਕਾ ਲਾਇਆ ਹੈ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਤੋਂ ਕੌਮੀ ਰਾਜਧਾਨੀ ਆਉਣ ਵਾਲੇ ਵਾਹਨਾਂ ਦੀ ਨਿਰਵਿਘਨ ਐਂਟਰੀ ਦਾ ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *