ਦੇਹਰਾਦੂਨ,ਉੱਤਰਾਖੰਡ ਵਿਚ ਲੰਘੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਇਕ ਪਰਿਵਾਰ ਦੇ ਤਿੰਨ ਜੀਆਂ ਸਣੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮੀਂਹ ਕਰਕੇ ਕਈ ਥਾਵਾਂ ’ਤੇ ਘਰ ਢਹਿ ਗਏ ਤੇ ਇਲਾਕਿਆਂ ਵਿਚ ਪਾਣੀ ਭਰ ਗਿਆ। ਸੂਬੇ ਵਿਚ ਕਈ ਦਰਿਆਵਾਂ ’ਚ ਪਾਣੀ ਦਾ ਪੱਧਰ ਵੱਧ ਗਿਆ। ਦੇਹਰਾਦੂਨ, ਹਲਦਵਾਨੀ ਤੇ ਚਮੋਲੀ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਚਾਰ ਵਿਅਕਤੀ ਲਾਪਤਾ ਹਨ। ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਇਲਾਕਿਆਂ ਵਿਚ ਪ੍ਰਸ਼ਾਸਨ ਦੇ ਨਾਲ ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੌਰਾਨ ਮੁੱਖ ਮੰਤਰੀ ਧਾਮੀ ਨੇ ਅੱਜ ਸਵੇਰੇ ਆਫ਼ਤ ਪ੍ਰਬੰਧਨ ਸੈਂਟਰ ਦਾ ਦੌਰਾ ਕਰਕੇ ਸੂਬੇ ਵਿਚ ਹਾਲਾਤ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਦੇਹਰਾਦੂਨ ਸਣੇ ਹੋਰ ਕਈ ਜ਼ਿਲ੍ਹਿਆਂ ਵਿਚ 12ਵੀਂ ਜਮਾਤ ਤੱਕ ਦੇ ਸਕੂਲ ਤੇ ਆਂਗਣਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਹਨ।
ਆਫ਼ਤ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਕਿਹਾ ਕਿ ਭੀਮਬਾਲੀ ਚੌਕੀ ਨੇੜੇ 20-25 ਮੀਟਰ ਫੁੱਟਪਾਥ ਰੁੜ੍ਹਨ ਤੇ ਢਿੱਗਾਂ ਡਿੱਗਣ ਨਾਲ ਕੇਦਾਰਨਾਥ ਰੂਟ ’ਤੇ 200 ਮੁਸਾਫ਼ਰ ਫਸ ਗਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਕ ਫੇਸਬੁਕ ਪੋਸਟ ਵਿਚ ਕਿਹਾ ਕਿ ਕੇਦਾਰਨਾਥ ਰੂਟ ’ਤੇ ਫਸੇ ਸ਼ਰਧਾਲੂਆਂ ਨੂੰ ਐਮਰਜੰਸੀ ਹੈਲੀਪੈਡ ’ਤੇ ਲਿਆਂਦਾ ਗਿਆ ਹੈ। ਕੇਦਾਰਨਾਥ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸੜਕ ਖੁੱਲ੍ਹਣ ਤੱਕ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚਾਰਧਾਮ ਯਾਤਰਾ ਲਈ ਨਵੀਂ ਰਜਿਸਟਰੇਸ਼ਨ ਵੀ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ।