ਜਲੰਧਰ ਦੇ ਫਿਲੌਰ ਕਸਬੇ ‘ਚ ਇਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਜਦੋਂ ਔਰਤ ਦੇ ਸਹੁਰੇ ਤੇ ਹੋਰ ਰਿਸ਼ਤੇਦਾਰ ਉਸ ਦਾ ਅੰਤਿਮ ਸੰਸਕਾਰ ਕਰਨ ਲੱਗੇ ਤਾਂ ਉਸ ਦੀ ਮੌਤ ਦਾ ਰਾਜ਼ ਖੁੱਲ੍ਹ ਕੇ ਸਾਹਮਣੇ ਆਇਆ। ਮ੍ਰਿਤਕ ਔਰਤ ਦੇ ਪੱਟ ‘ਤੇ ਕਾਲੇ ਰੰਗ ਦੀ ਪੈੱਨ ਨਾਲ ਉਸ ਨੂੰ ਮਾਰਨ ਵਾਲਿਆਂ ਦੇ ਨਾਵਾਂ ਵਾਲਾ ਨੋਟ ਲਿਖਿਆ ਹੋਇਆ ਸੀ, ਪਰ ਉਸ ਦੇ ਸਹੁਰਿਆਂ ਨੇ ਜਲਦਬਾਜ਼ੀ ‘ਚ ਨਾਂ ਮਿਟਾ ਦਿੱਤੇ।
ਇਸ਼ਨਾਨ ਕਰਵਾਉਣ ਵਾਲੀਆਂ ਮਹਿਲਾਵਾਂ ਨੇ ਜਦੋਂ ਉਸ ਦੇ ਪੱਟ ਵੱਲ ਧਿਆਨ ਨਾਲ ਦੇਖਿਆ ਤਾਂ ਉਸ ‘ਤੇ ਲਿਖਿਆ ਸੀ-ਜੇਕਰ ਅੱਜ ਮੈਨੂੰ ਕੁਝ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਇਹ ਲੋਕ ਹੋਣਗੇ। ਮ੍ਰਿਤਕ ਔਰਤ ਦਾ ਨਾਂ ਅਮਨਦੀਪ ਕੌਰ (30) ਹੈ। ਪੁਲਿਸ ਨੂੰ ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮਹਿਲਾ ਦੀ ਲਾਸ਼ ਨੂੰ ਅੰਤਿਮ ਸੰਸਕਾਰ ਤੋਂ ਚੁੱਕ ਕੇ ਆਪਣੇ ਕਬਜ਼ੇ ‘ਚ ਲੈ ਲਿਆ। ਫਿਲਹਾਲ ਔਰਤ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਦੀ ਰਿਪੋਰਟ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗੀ।
ਜਾਣਕਾਰੀ ਅਨੁਸਾਰ ਅਮਨਦੀਪ ਕੌਰ ਦਾ ਪਤੀ ਗੋਲੂ ਦੋ ਸਾਲਾਂ ਤੋਂ ਦੁਬਈ ‘ਚ ਕੰਮ ਕਰਦਾ ਹੈ। ਅਮਨਦੀਪ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ 2 ਲੜਕੇ ਅਤੇ ਇੱਕ ਲੜਕੀ ਹੈ। ਅਮਨਦੀਪ ਕੌਰ ਦੀ ਸੋਮਵਾਰ ਸਵੇਰੇ ਅਚਾਨਕ ਮੌਤ ਹੋ ਗਈ। ਸਹੁਰਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਅਮਨਦੀਪ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਭ ਕੁਝ ਸਹੁਰਿਆਂ ਮੁਤਾਬਕ ਚੱਲ ਰਿਹਾ ਸੀ।
ਅੰਤਿਮ ਇਸ਼ਨਾਨ ਦੌਰਾਨ ਰਿਸ਼ਤੇਦਾਰ ਮਨਪ੍ਰੀਤ ਨੇ ਦੇਖਿਆ ਕਿ ਅਮਨਦੀਪ ਦੇ ਪੱਟ ‘ਤੇ ਪੈੱਨ ਨਾਲ ਕੁਝ ਲਿਖਿਆ ਹੋਇਆ ਸੀ। ਉਸ ਨੇ ਧਿਆਨ ਨਾਲ ਪੜ੍ਹਿਆ ਤਾਂ ਲਿਖਿਆ ਸੀ-ਜੇਕਰ ਮੈਨੂੰ ਕੁਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਤੋਂ ਪਹਿਲਾਂ ਕਿ ਮਨਪ੍ਰੀਤ ਚੰਗੀ ਤਰ੍ਹਾਂ ਪੜ੍ਹਦਾ, ਅਮਨਦੀਪ ਦੀ ਭਰਜਾਈ ਪਰਵੀਨ ਅਤੇ ਹੋਰ ਮਹਿਲਾਵਾਂ ਨੇ ਫਟਾਫਟ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਂ ਮਿਟਾ ਦਿੱਤੇ।
ਭਾਬੀ ਨੇ ਮਨਪ੍ਰੀਤ ਨੂੰ ਬੇਨਤੀ ਕੀਤੀ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ। ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪੁੱਜੀ ਤਾਂ ਅਧਿਕਾਰੀਆਂ ਨੇ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ। ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੀਆਂ ਦੋ ਮਹਿਲਾਵਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲੱਗੇਗਾ।
ਦੂਜੇ ਪਾਸੇ ਅਮਨਦੀਪ ਕੌਰ ਦੀ ਭੈਣ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਵੀ ਮੈਂ ਆਪਣੀ ਭੈਣ ਅਮਨਦੀਪ ਨਾਲ ਗੱਲ ਕਰਦੀ ਸੀ ਤਾਂ ਉਹ ਕਹਿੰਦੀ ਸੀ ਕਿ ਉਸ ਦੀ ਤਲਾਕਸ਼ੁਦਾ ਭਰਜਾਈ ਪਰਵੀਨ ਨੇ ਉਸ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਭਾਬੀ ਨੇ ਵੀ ਉਸ ‘ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਉਸ ਦੇ ਸਹੁਰੇ ਵਾਲਿਆਂ ਨੇ ਉਸ ਦੀ ਮੌਤ ਦੀ ਸੂਚਨਾ ਦਿੱਤੀ।