ਚੈਟੋਰੌਕਸ (ਫਰਾਂਸ), ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਮਹਿਲਾ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਗ਼ਮੇ ਲਈ ਭਾਰਤ ਦੀ 12 ਸਾਲਾਂ ਦੀ ਉਡੀਕ ਖ਼ਤਮ ਕੀਤੀ ਅਤੇ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਤਗ਼ਮਿਆਂ ਦਾ ਖਾਤਾ ਖੋਲ੍ਹਿਆ। ਉਹ ਓਲੰਪਿਕ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਵੀ ਬਣੀ। ਲੰਡਨ ਓਲੰਪਿਕ 2012 ਤੋਂ ਬਾਅਦ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪਹਿਲਾ ਓਲੰਪਿਕ ਤਗ਼ਮਾ ਹੈ। ਲੰਡਨ ਵਿੱਚ ਵਿਜੈ ਕੁਮਾਰ ਨੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਚਾਂਦੀ ਦਾ ਤਗ਼ਮਾ ਜਦਕਿ ਗਗਨ ਨਾਰੰਗ ਨੇ ਪੁਰਸ਼ 10 ਮੀਟਰ ਏਅਰ ਰਾਈਫਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਨਿਸ਼ਾਨੇਬਾਜ਼ ਰੀਓ ਓਲੰਪਿਕ 2016 ਅਤੇ ਟੋਕੀਓ ਓਲੰਪਿਕ ਤੋਂ ਖਾਲੀ ਹੱਥ ਪਰਤੇ ਸਨ।
ਨਿਸ਼ਾਨੇਬਾਜ਼ ਮਨੂ ਭਾਕਰ ਨੇ ਭਾਰਤ ਦਾ ਖ਼ਾਤਾ ਖੋਲ੍ਹਿਆ
