ਚੰਡੀਗੜ੍ਹ , 1 ਸਤੰਬਰ (ਦਲਜੀਤ ਸਿੰਘ)- ਕਾਂਗਰਸ ’ਚ ਉਠੀ ਬਗਾਵਤ ਤੋਂ ਬਾਅਦ ਦੋਵੇਂ ਧਿਰਾਂ ਨਾਲ ਮੁਲਾਕਾਤ ਕਰਨ ਆਏ ਪੰਜਾਬ ਇੰਚਾਰਜ ਹਰੀਸ਼ ਰਾਵਤ ਵੱਲੋਂ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਲਗਭਗ 3 ਘੰਟੇ ਚੱਲੀ ਇਸ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਸਾਹਮਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਨਾਰਾਜ਼ਗੀ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਾਰੇ ਮਿਲ ਕੇ ਚੱਲਣਗੇ। ਪੰਜਾਬ ਕਾਂਗਰਸ ਇੰਚਾਰਜ ਨੇ ਆਖਿਆ ਕਿ ਇਸ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ 18 ਨੁਕਾਤੀ ਏਜੰਡੇ ਬਾਰੇ ਵੀ ਚਰਚਾ ਹੋਈ ਹੈ।
ਰਾਵਤ ਨੇ ਕਿਹਾ ਕਿ ਬਿਜਲੀ ਸਮਝੌਤੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੁੱਝ ਕੰਮ ਕੀਤੇ ਗਏ ਹਨ ਅਤੇ ਉਮੀਦ ਹੈ ਕਿ ਆਮ ਜਨਤਾ ਨੂੰ ਜਲਦੀ ਹੀ ਸਸਤੀ ਬਿਜਲੀ ਮਿਲੇਗੀ। ਇਸ ਦੌਰਾਨ ਰਾਵਤ ਨੇ ਵੀ ਸਾਫ ਕੀਤਾ ਹੈ ਕਿ ਬਿਜਲੀ ਸਮਝੌਤੇ ਅਚਾਨਕ ਰੱਦ ਨਹੀਂ ਹੋ ਸਕਦੇ ਹਨ ਪਰ ਉਨ੍ਹਾਂ ਆਖਿਆ ਹੈ ਕਿ ਸਾਵਧਾਨੀ ਵਰਤ ਕੇ ਵੱਧ ਤੋਂ ਵੱਧ ਸਮਝੌਤੇ ਰੱਦ ਕੀਤੇ ਜਾਣਗੇ। ਅੱਗੇ ਬੋਲਦੇ ਹੋਏ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਕਈ ਵਾਅਦੇ ਪੂਰੇ ਕਰ ਚੁੱਕੀ ਹੈ ਅਤੇ ਨਸ਼ੇ ਦੇ ਖ਼ਾਤਮੇ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।