ਪਟਿਆਲਾ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਸ਼ਨੀਵਾਰ ਵੀ ਐਸਆਈਟੀ ਅੱਗੇ ਪੇਸ਼ ਨਹੀਂ ਹੋਣਗੇ। ਇਸ ਬਾਰੇ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਵਲੋ ਐੱਸਆਈਟੀ ਨੂੰ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਐਸਆਈਟੀ ਨੂੰ ਭੇਜੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ 23 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਅਹਿਮ ਮਾਮਲੇ ਦੀ ਪੇਸ਼ੀ ਹੋਣ ਕਰਕੇ ਮਜੀਠੀਆ ਆਪਣੇ ਵਕੀਲਾਂ ਦੀ ਟੀਮ ਨਾਲ ਮਸ਼ਵਰਾ ਕਰਨ ਦਿੱਲੀ ਪੁੱਜੇ ਹੋਏ ਹਨ, ਇਸ ਲਈ ਉਹ ਸਿਟ ਕੋਲ ਪੇਸ਼ ਨਹੀਂ ਹੋ ਸਕਦੇ।
ਮਜੀਠੀਆ ਦੇ ਵਕੀਲ ਸੋਬਤੀ ਨੇ ਸਿੱਟ ਨੂੰ 20 ਜੁਲਾਈ ਨੂੰ ਪੇਸ਼ ਹੋਣ ਲਈ ਭੇਜੇ ਸੰਮਨ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ 18 ਜੁਲਾਈ ਨੂੰ ਅੰਮ੍ਰਿਤਸਰ ਕੋਰਟ ਵਿਚ ਪੇਸ਼ੀ ਹੋਣ ਕਰਕੇ ਪਟਿਆਲਾ ਨਹੀਂ ਆ ਸਕੇ ਜਿਸ ਤੇ ਸਿੱਟ ਨੇ ਜਾਣਬੁੱਝ ਕੇ 20 ਜੁਲਾਈ ਨੂੰ ਅਗਲੀ ਤਰੀਕ ਰੱਖੀ ਹੈ। ਵਕੀਲ ਅਨੁਸਾਰ ਰੁਝੇਵਿਆਂ ਦਾ ਪਤਾ ਹੋਣ ਦੇ ਬਾਵਜੂਦ ਤੇ ਸੁਪਰੀਮ ਕੋਰਟ ਦੇ ਮਾਮਲੇ ਵਿਚ ਵਿਘਨ ਪਾਉਣ ਲਈ ਮਜੀਠੀਆ ਨੂੰ ਮਿੱਥੀਆਂ ਤਰੀਕਾਂ ਤੇ ਬੁਲਾਇਆ ਜਾ ਰਿਹਾ ਹੈ, ਜੋਕਿ ਜਾਇਜ ਨਹੀਂ ਹੈ।
ਦੱਸਣਾ ਬਣਦਾ ਹੈ ਕਿ 2021 ਵਿਚ ਦਰਜ ਐਨ ਡੀ ਪੀ ਐੱਸ ਐਕਟ ਮਾਮਲੇ ਸਬੰਧੀ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਲੋਂ ਸਾਬਕਾ ਮੰਤਰੀ ਤੋ ਇਸ ਬਾਰੇ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਲਈ ਸੰਮਨ ਭੇਜੇ ਜਾ ਰਹੇ ਹਨ।