ਲੁਧਿਆਣਾ : ਵੀਰਵਾਰ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਹਾਈ ਵੋਲਟੇਜ ਡਰਾਮਾ ਹੋਇਆ। ਇੱਥੇ 15 ਸਾਲ ਦੀ ਇਕ ਲੜਕੀ ਹਾਈਟੈਂਸ਼ਨ ਤਾਰਾਂ ਉੱਪਰ ਫੁੱਟ ਓਵਰਬ੍ਰਿਜ ਨਾਲ ਲਟਕ ਗਈ। ਇਹ ਦੇਖ ਕੇ ਸਟੇਸ਼ਨ ‘ਤੇ ਮੌਜੂਦ ਲੋਕ ਹੈਰਾਨ ਰਹਿ ਗਏ ਤੇ ਲੜਕੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਕਦੇ ਉਹ ਇਕ ਕਿਨਾਰੇ ਤੇ ਕਦੇ ਦੂਜੇ ਕਿਨਾਰੇ ‘ਤੇ ਜਾ ਕੇ ਲਟਕਦੀ ਰਹੀ।
ਹਾਲਾਂਕਿ ਫੁੱਟ ਓਵਰਬ੍ਰਿਜ ਅਤੇ ਹਾਈਟੈਂਸ਼ਨ ਤਾਰਾਂ ਵਿਚਕਾਰ ਦੂਰੀ ਹੋਣ ਕਾਰਨ ਉਹ ਇਸ ਦੀ ਲਪੇਟ ‘ਚ ਨਹੀਂ ਆਈ। ਕਰੀਬ ਇਕ ਘੰਟੇ ਤੱਕ ਚੱਲੇ ਇਸ ਡਰਾਮੇ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਤੇ ਕਿਸੇ ਤਰ੍ਹਾਂ ਉਸ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਸ਼ੁਕਰ ਹੈ ਕਿ ਉਸ ਸਮੇਂ ਪਲੇਟਫਾਰਮ ਨੰਬਰ ਛੇ ‘ਤੇ ਕੋਈ ਟਰੇਨ ਨਹੀਂ ਆਈ ਤੇ ਹਾਦਸਾ ਟਲ ਗਿਆ। ਪਿੰਡ ਸੁਨੇਤ ਦੀ ਰਹਿਣ ਵਾਲੀ 15 ਸਾਲਾ ਲੜਕੀ ਗੁਰੂਨਾਨਕ ਸਟੇਡੀਅਮ ਤੋਂ ਰੇਲਵੇ ਸਟੇਸ਼ਨ ਦੇ ਫੁੱਟ ਓਵਰਬ੍ਰਿਜ ‘ਤੇ ਪਹੁੰਚ ਕੇ ਅਚਾਨਕ ਹਾਈ ਟੈਂਸ਼ਨ ਤਾਰਾਂ ਨਾਲ ਲਟਕ ਗਈ। ਲੜਕੀ ਨੂੰ ਲਟਕਦੀ ਦੇਖ ਪਲੇਟਫਾਰਮ ‘ਤੇ ਮੌਜੂਦ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਆਰਪੀਐਫ ਤੇ ਜੀਆਰਪੀ ਦੇ ਜਵਾਨ ਮੌਕੇ ‘ਤੇ ਪਹੁੰਚ ਗਏ ਅਤੇ ਲੜਕੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ।