ਅੰਮ੍ਰਿਤਸਰ: 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਘੱਲੂਘਾਰਾ ਸਮਾਗਮ ਵਿਚ ਜਿਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣਾ ਜਾਹੋ ਜਲਾਲ ਦਿਖਾਇਆ ਜਾਂਦਾ ਸੀ, ਇਸ ਵਾਰ ਇਹ ਜਾਹੋ ਜਲਾਲ ਫਰੀਦਕੋਟ ਤੋਂ ਨਵ-ਨਿਯੁਕਤ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਆਉਣ ‘ਤੇ ਨਜ਼ਰ ਆਇਆ। ਜਿਉਂ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਗਤਾਂ ਵਿਚ ਸਰਬਜੀਤ ਸਿੰਘ ਖਾਲਸਾ ਪਹੁੰਚੇ ਉਥੇ ਨੌਜਵਾਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਅਸਮਾਨ ਗੁੰਜਾਊ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦਰਮਿਆਨ ਨੌਜਵਾਨਾਂ ਨੇ ਹੱਥਾਂ ਵਿਚ ਫੜੇ ਪੋਸਟਰ ਅਤੇ ਨੰਗੀਆਂ ਕ੍ਰਿਪਾਨਾਂ ਵੀ ਅਸਮਾਨ ਵਿਚ ਲਹਿਰਾਈਆਂ। ਇਸ ਤਰਾੰ ਦਾ ਮਾਹੌਲ ਹਰੇਕ 6 ਜੂਨ ਨੂੰ ਸਿਮਰਨਜੀਤ ਸਿੰਘ ਮਾਨ ਦੀ ਆਮਦ ‘ਤੇ ਹੁੰਦਾ ਸੀ, ਜੋ ਵੀਰਵਾਰ ਨੂੰ ਘੱਲੂਘਾਰਾ ਸਮਾਗਮ ਸਮੇਂ ਸਰਬਜੀਤ ਸਿੰਘ ਖਾਲਸਾ ਦੀ ਆਮਦ ‘ਤੇ ਦੇਖਣ ਨੂੰ ਮਿਲਿਆ। ਇੰਜ ਲੱਗ ਰਿਹਾ ਸੀ, ਕਿ ਸਿੱਖ ਜੁਝਾਰੂ ਨੌਜਵਾਨਾਂ ਨੂੰ ਆਪਣਾ ਆਗੂ ਮਿਲ ਗਿਆ ਹੋਵੇ। ਇਸ ਨਾਲ ਇਹ ਵੀ ਮਹਿਸੂਸ ਹੋਇਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਰਬਜੀਤ ਸਿੰਘ ਖਾਲਸਾ ਪਛਾੜ ਗਿਆ ਹੋਵੇ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਸੰਸਦ ਵਿਚ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਜਾਵੇਗੀ। ਸਰਬਜੀਤ ਸਿੰਘ ਨੇ ਮੰਗ ਕੀਤੀ ਕਿ ਦੇਸ਼ ਦੇ ਕਾਨੂੰਨ ਵਿਚ ਸੋਧ ਕਰਕੇ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 302 ਲਗਾਈ ਜਾਵੇ। ਦੋਸ਼ੀਆਂ ਖਿਲਾਫ ਮੌਤ ਦੀ ਸਜਾ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਧਾਰਾ 295-ਏ ਦੇ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ, ਧਾਰਾ 295-ਏ ਤਹਿਤ ਸਜ਼ਾ ਨਾਕਾਫ਼ੀ ਹੈ। ਸਰਬਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸੰਸਦ ਸੈਸ਼ਨ ਵਿਚ ਇਸ ਸਬੰਧੀ ਆਪਣੀ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਜ਼ਾ ਭੁਗਤਣ ਦੇ ਬਾਵਜੂਦ 20-20, 30-30 ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਦੀ ਤੁਰੰਤ ਰਿਹਾਈ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਮਾਮਲੇ ਵਿਚ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ। ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਮੌਜੂਦਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਐਮਪੀ ਬਣਨ ’ਤੇ ਵਧਾਈ ਦਿੰਦਿਆ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਹੁਣ ਰਿਕਾਰਡ ਵੋਟਾਂ ਦੇ ਫਰਕ ਨਾਲ ਜਿੱਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹੋਰ ਸਿੱਖ ਨੌਜਵਾਨਾਂ ਨੂੰ ਵੀ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੀ ਆਵਾਜ਼ ਬਣ ਕੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਵਿਚ ਆਪਣੀ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਕੇਸਾਂ ਨੂੰ ਕਤਲ ਨਾ ਕਰਨ ਅਤੇ ਗੁਰੂ ਵਾਲੇ ਬਣਨ ਦੀ ਵੀ ਪੁਰਜ਼ੋਰ ਅਪੀਲ ਕੀਤੀ।
Related Posts
ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਟਿੱਪਣੀ ਕਰ ਬੁਰੇ ਫਸੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ, ਹੋਇਆ ਕੇਸ ਦਰਜ
ਨਵੀਂ ਦਿੱਲੀ, 20 ਅਪ੍ਰੈਲ (ਬਿਊਰੋ)- ਆਮ ਆਦਮੀ ਪਾਰਟੀ ਖ਼ਿਲਾਫ਼ ਟਿੱਪਣੀ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਹੁਣ ਸਾਬਕਾ ਨੇਤਾ ਕੁਮਾਰ…
ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਫਤਿਹਗੜ੍ਹ ਸਾਹਿਬ ਪਹੁੰਚੇ ਨਵਜੋਤ ਸਿੱਧੂ
ਫਤਿਹਗੜ੍ਹ ਸਾਹਿਬ, 31 ਜੁਲਾਈ (ਦਲਜੀਤ ਸਿੰਘ)- ਸ਼ਹੀਦ ਊਧਮ ਸਿੰਘ ਦੇ ਸ਼ਹੀਦੇ ਦਿਹਾੜੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਫਤਿਹਗੜ੍ਹ…
ਪੈਨਸ਼ਨਰ ਐਸੋਸ਼ੀਏਸ਼ਨ ਦੀ ਚੋਣ 26 ਅਪਰੈਲ ਨੂੰ
ਚੰਡੀਗੜ੍ਹ,12 ਅਪਰੈਲ -ਪੰਜਾਬ ਪੁਲੀਸ ਪੈਨਸ਼ਨਰਾਂ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਦੀ ਚੋਣ 26 ਅਪਰੈਲ ਨੂੰ ਸਵੇਰੇ ਦਸ ਤੋਂ ਤਿੰਨ ਵਜੇ ਤਕ ਹੋਵੇਗੀ।…