ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 2013 ਦੇ ਜਬਰ ਜਨਾਹ ਦੇ ਇੱਕ ਕੇਸ ਵਿੱਚ ਜੇਲ੍ਹ ਵਿੱਚ ਬੰਦ ਆਸਾਰਾਮ ਨੂੰ ਮੈਡੀਕਲ ਆਧਾਰ ’ਤੇ 31 ਮਾਰਚ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਰਾਜੇਸ਼ ਬਿੰਦਲ ਦੀ ਬੈਂਚ ਨੇ ਆਸਾਰਾਮ ਨੂੰ ਰਿਹਾਈ ਤੋਂ ਬਾਅਦ ਆਪਣੇ ਪੈਰੋਕਾਰਾਂ ਨੂੰ ਨਾ ਮਿਲਣ ਦਾ ਨਿਰਦੇਸ਼ ਦਿੱਤਾ। ਸਿਖਰਲੀ ਅਦਾਲਤ ਨੇ ਕਿਹਾ ਕਿ 86 ਸਾਲਾ ਆਸਾਰਾਮ ਦਿਲ ਦੀ ਬਿਮਾਰੀ ਤੋਂ ਇਲਾਵਾ ਉਮਰ ਸੰਬੰਧੀ ਕਈ ਸਿਹਤ ਸਥਿਤੀਆਂ ਤੋਂ ਪੀੜਤ ਸਨ।
ਅਦਾਲਤ ਨੇ 2023 ਵਿੱਚ ਗਾਂਧੀਨਗਰ ਦੀ ਇੱਕ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਲਈ ਆਸਾਰਾਮ ਦੀ ਪਟੀਸ਼ਨ ’ਤੇ ਗੁਜਰਾਤ ਸਰਕਾਰ ਦਾ ਜਵਾਬ ਮੰਗਿਆ ਸੀ। 29 ਅਗਸਤ 2024 ਨੂੰ ਗੁਜਰਾਤ ਹਾਈ ਕੋਰਟ ਨੇ ਮੁਅੱਤਲੀ ਦੀ ਮੰਗ ਕਰਨ ਵਾਲੀ ਆਸਾਰਾਮ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਰਾਹਤ ਦੇਣ ਦਾ ਕੋਈ ਮਾਮਲਾ ਨਹੀਂ ਮਿਲਿਆ।