ਮੋਦੀ ਦੀਆਂ ਗੁਰਦਾਸਪੁਰ ਤੇ ਜਲੰਧਰ ਰੈਲੀਆਂ ਤੋਂ ਪਹਿਲਾਂ ਪੁਲੀਸ ਨੇ ਕਿਸਾਨ ਨੇਤਾ ਘਰਾਂ ’ਚ ਨਜ਼ਰਬੰਦ ਤੇ ਗ੍ਰਿਫ਼ਤਾਰ ਕੀਤੇ

ਜਲੰਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਵਿੱਚ ਦੋ ਰੈਲੀਆਂ ਕਰਨ ਤੋਂ ਕੁਝ ਘੰਟੇ ਪਹਿਲਾਂ ਪੁਲੀਸ ਨੇ ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਅੱਧੀ ਦਰਜਨ ਕਿਸਾਨ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਕੁੱਝ ਨੂੰ ਗ੍ਰਿਫਤਾਰ ਕਰ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਅਦ ਦੁਪਹਿਰ 3.30 ਵਜੇ ਗੁਰਦਾਸਪੁਰ ਅਤੇ ਸ਼ਾਮ 5.30 ਵਜੇ ਜਲੰਧਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਰੈਲੀਆਂ ’ਚ ਵਿਘਨ ਨਹੀਂ ਪਾਉਂਣਗੇ ਪਰ ਜਦੋਂ ਪ੍ਰਧਾਨ ਮੰਤਰੀ ਹੈਲੀਪੈਡ ਤੋਂ ਰੈਲੀ ਵਾਲੀ ਥਾਂ ਤੱਕ ਜਾਣਗੇ ਤਾਂ ਕਾਲੇ ਝੰਡੇ ਦਿਖਾਏ ਜਾਣਗੇ। ਗੁਰਦਾਸਪੁਰ ‘ਚ ਕਿਸਾਨ ਨੇਤਾ ਤਰਲੋਕ ਸਿੰਘ ਅਤੇ ਕਿਸਾਨ ਅਤੇ ਜਵਾਨ ਭਲਾਈ ਮੋਰਚਾ ਦੇ ਮੈਂਬਰ ਸੁਖਦੇਵ ਸਿੰਘ ਭੋਜਰਾਜ, ਤਰਲੋਕ ਸਿੰਘ ਅਤੇ ਸਤਬੀਰ ਸਿੰਘ ਸੁਲਤਾਨੀ, ਟਰੇਡ ਯੂਨੀਅਨ ਨੇਤਾ ਮੱਖਣ ਕੋਹਾੜ ਦੇ ਘਰਾਂ ‘ਤੇ ਪੁਲੀਸ ਨੇ ਛਾਪੇਮਾਰੀ ਕੀਤੀ। ਇਹ ਛਾਪੇ ਕੱਲ੍ਹ ਦੇਰ ਰਾਤ ਅਤੇ ਅੱਜ ਤੜਕੇ ਮਾਰੇ ਗਏ। ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਕਿਉਂਕਿ ਪੁਲੀਸ ਕਾਰਵਾਈ ਤੋਂ ਪਹਿਲਾਂ ਹੀ ਆਗੂ ਪਹਿਲਾਂ ਹੀ ਆਪਣੇ ਘਰਾਂ ’ਚੋਂ ਜਾ ਚੁੱਕੇ ਸਨ। ਡੀਆਈਜੀ (ਬਾਰਡਰ) ਰਾਕੇਸ਼ ਕੌਸ਼ਲ ਨੇ ਛਾਪੇਮਾਰੀ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ, ‘ਅਸੀਂ ਕਿਸਾਨ ਆਗੂਆਂ ਨਾਲ ਗੱਲਬਾਤ ਦੇ ਚੈਨਲ ਖੋਲ੍ਹੇ ਹਨ ਅਤੇ ਉਨ੍ਹਾਂ ਦੇ ਵਿਰੋਧ ਨੂੰ ਖਤਮ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ।’ ਸਵੇਰ ਤੋਂ ਹੀ ਅਫਵਾਹਾਂ ਚੱਲ ਰਹੀਆਂ ਹਨ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਜਲਦੀ ਹੀ ਸ਼ਹਿਰ ਵਿੱਚ ਪਹੁੰਚਣਗੇ। ਹਾਲਾਂਕਿ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਤੋਂ ਇਨਕਾਰ ਕੀਤਾ ਹੈ। ਹੈਲੀਪੈਡ ਤੋਂ ਰੈਲੀ ਵਾਲੀ ਥਾਂ ਤੱਕ ਜਾਣ ਵਾਲੀ ਤਿੰਨ ਕਿਲੋਮੀਟਰ ਸੜਕ ਦੀ ਸਖ਼ਤ ਸੁਰੱਖਿਆ ਕੀਤੀ ਜਾ ਰਹੀ ਹੈ। ਨਾਲ ਲੱਗਦੇ ਪੁਲੀਸ ਜ਼ਿਲ੍ਹਿਆਂ ਬਟਾਲਾ, ਪਠਾਨਕੋਟ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ (ਦਿਹਾਤੀ) ਦੇ ਐੱਸਐੱਸਪੀ ਪ੍ਰਧਾਨ ਮੰਤਰੀ ਦੇ ਸਮਾਗਮ ਵਾਲੀ ਥਾਂ ‘ਤੇ ਤਾਇਨਾਤ ਹਨ। ਜਲੰਧਰ ਵਿੱਚ ਬੀਕੇਯੂ ਏਕਤਾ ਸਿੱਧੂਪੁਰ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਛੀਆਣਾ ਨੂੰ ਅੱਜ ਸਵੇਰੇ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ।

Leave a Reply

Your email address will not be published. Required fields are marked *