ਮਾਛੀਵਾੜਾ: ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਪਲਟੀ, ਮਾਂ-ਧੀ ਤੇ ਦੋ ਬੱਚਿਆਂ ਦੀ ਮੌਤ, 12 ਜ਼ਖ਼ਮੀ

ਮਾਛੀਵਾੜਾ ਸਾਹਿਬ, ਇਥੇ ਨੇੜੇ ਸਰਹਿੰਦ ਨਹਿਰ ਦੇ ਬਹਿਲੋਲਪੁਰ ਪੁਲ ਕੋਲ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟ ਗਈ, ਜਿਸ ਵਿਚ ਮਾਂ-ਧੀ ਮਹਿੰਦਰ ਕੌਰ (65) ਅਤੇ ਕਰਮਜੀਤ ਕੌਰ (52) ਤੇ ਦੋ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ’ਚੋਂ ਇਕ ਪਛਾਣ ਗਗਨਜੋਤ ਕੌਰ (15) ਵਜੋਂ ਹੋਈ ਹੈ। ਇੱਕ ਹੋਰ ਬੱਚਾ ਸੁਖਪ੍ਰੀਤ ਸਿੰਘ (7) ਨਹਿਰ ਵਿਚ ਰੁੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਪਾਇਲ ਅਧੀਨ ਨਿਜ਼ਾਮਪੁਰ, ਡਾਂਗੋਵਾਲ ਅਤੇ ਛਿਬੜਾ ਦੇ ਕਰੀਬ 15 ਤੋਂ ਵੱਧ ਔਰਤਾਂ, ਬੱਚੇ ਤੇ ਪੁਰਸ਼ ਕੱਲ੍ਹ ਡੇਰਾ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਗਏ ਸਨ। ਇਹ ਸਾਰੇ ਪਰਿਵਾਰਕ ਮੈਂਬਰ ਨਵੀਂ ਮਹਿੰਦਰਾ ਪਿਕਅੱਪ ਜੀਪ ’ਤੇ ਸਵਾਰ ਹੋ ਕੇ ਮੱਥਾ ਟੇਕਣ ਉਪਰੰਤ ਅੱਜ ਜਦੋਂ ਸਵੇਰੇ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਪਿੰਡ ਬਹਿਲੋਲਪੁਰ ਕੋਲ ਸਰਹਿੰਦ ਨਹਿਰ ਕਿਨਾਰੇ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਤੋਂ ਕਰੀਬ 30 ਫੁੱਟ ਥੱਲੇ ਨਹਿਰ ਕਿਨਾਰੇ ਜਾ ਡਿੱਗੀ। ਬੇਸ਼ੱਕ ਦਰੱਖਤਾਂ ਕਾਰਨ ਗੱਡੀ ਨਹਿਰ ਵਿਚ ਡਿੱਗਣ ਤੋਂ ਬਚਾਅ ਹੋ ਗਿਆ ਪਰ ਬੱਚਾ ਸੁਖਪ੍ਰੀਤ ਸਿੰਘ ਪਾਣੀ ਵਿਚ ਜਾ ਡਿੱਗਾ ਤੇ ਰੁੜ ਗਿਆ, ਜਦਕਿ ਬਾਕੀ ਸਾਰੇ ਗੰਭੀਰ ਜਖ਼ਮੀ ਹੋ ਗਏ। ਇਸ ਹਾਦਸੇ ਵਿਚ 2 ਬੱਚਿਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ ਮਹਿੰਦਰ ਤੇ ਕਰਮਜੀਤ ਕੌਰ ਨੇ ਹਸਪਤਾਲ ਵਿਚ ਇਲਾਜ ਅਧੀਨ ਦਮ ਤੋੜ ਦਿੱਤਾ। ਚਮਕੌਰ ਸਾਹਿਬ ਹਸਪਤਾਲ ਵਿਚ ਜ਼ਖ਼ਮੀ ਹੋਏ 12 ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ’ਚੋਂ ਕਾਫ਼ੀ ਦੀ ਹਾਲਤ ਗੰਭੀਰ ਹੈ। ਮੌਕੇ ’ਤੇ ਇਕੱਤਰ ਲੋਕਾਂ ਵਲੋਂ ਕਰੇਨ ਮੰਗਵਾ ਕੇ ਗੱਡੀ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਖ਼ਮੀਆਂ ਵਿਚ ਅਮਨਪ੍ਰੀਤ ਕੌਰ ਵਾਸੀ ਸਿਹੋੜਾ, ਸਰੂਪ ਸਿੰਘ ਵਾਸੀ ਚੀਮਾ, ਪ੍ਰਿਤਪਾਲ ਕੌਰ ਵਾਸੀ ਸਿਹੋੜਾ, ਰੂਪ ਸਿੰਘ ਵਾਸੀ ਲੱਧੜ, ਸੰਦੀਪ ਕੌਰ ਵਾਸੀ ਨਿਜ਼ਾਮਪੁਰ, ਪ੍ਰਵੀਨ ਕੌਰ ਵਾਸੀ ਨਿਜ਼ਾਮਪੁਰ, ਬਲਜਿੰਦਰ ਸਿੰਘ ਵਾਸੀ ਸਿਹੋੜਾ, ਸੁਖਵੀਰ ਕੌਰ ਫਲੌਡ, ਗਿਆਨ ਕੌਰ ਵਾਸੀ ਨਿਜ਼ਾਮਪੁਰ, ਮਨਪ੍ਰੀਤ ਕੌਰ ਵਾਸੀ ਡਾਂਗੋ, ਜੀਵਨ ਸਿੰਘ ਵਾਸੀ ਸਿਹੋੜਾ, ਗੁਰਪ੍ਰੀਤ ਸਿੰਘ ਵਾਸੀ ਨਿਜ਼ਾਮਪੁਰ ਸ਼ਾਮਲ ਹਨ।

Leave a Reply

Your email address will not be published. Required fields are marked *