ਨੈਨੀਤਾਲ,21 ਅਗਸਤ (ਦਲਜੀਤ ਸਿੰਘ)- ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨੇ ਉੱਤਰਾਖੰਡ ’ਚ ਆਫ਼ਤ ਮਚਾਈ ਹੋਈ ਹੈ। ਥਾਂ-ਥਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉੱਤਰਾਖੰਡ ’ਚ ਯਾਤਰੀਆਂ ਨਾਲ ਭਰੀ ਇਕ ਬੱਸ ਉਸ ਸਮੇਂ ਵਾਲ-ਵਾਲ ਬਚ ਗਈ, ਜਦੋਂ ਸੜਕ ਕੰਢੇ ਇਕ ਪਹਾੜ ਦਾ ਮਲਬਾ ਖਿਸਕ ਕੇ ਡਿੱਗ ਪਿਆ। ਸਮਾਚਾਰ ਏਜੰਸੀ ਏ. ਐੱਨ. ਆਈ. ਵਲੋਂ ਟਵੀਟ ਕੀਤੇ ਗਏ ਇਕ ਵੀਡੀਓ ਵਿਚ ਪਹਾੜ ਡਿੱਗਣ ਮਗਰੋਂ ਉਸ ਦੇ ਮਲਬੇ ਤੋਂ ਬਚਣ ਲਈ ਇਕ ਬੱਸ ਸਹੀ ਸਮੇਂ ’ਤੇ ਰੁੱਕਦੀ ਨਜ਼ਰ ਆ ਰਹੀ ਹੈ। ਇਹ ਘਟਨਾ ਉੱਤਰਾਖੰਡ ਦੇ ਨੈਨੀਤਾਲ ਵਿਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ। ਚੰਗੀ ਗੱਲ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਜ਼ਮੀਨ ਖਿਸਕਣ ਦਾ ਕਾਰਨ ਖੇਤਰ ਵਿਚ ਮੋਹਲੇਧਾਰ ਮੀਂਹ ਸੀ। ਵੀਡੀਓ ਵਿਚ ਕੁਝ ਯਾਤਰੀਆਂ ਨੂੰ ਆਪਣਾ ਸਾਮਾਨ ਲੈ ਕੇ ਬੱਸ ’ਚੋਂ ਉਤਰਦੇ ਹੋਏ ਵਿਖਾਇਆ ਗਿਆ ਹੈ।
ਬੱਸ ਡਰਾਈਵਰ ਵੀ ਸੁਰੱਖਿਅਤ ਦੂਰੀ ਤੱਕ ਪਹੁੰਚਣ ਲਈ ਬੱਸ ਨੂੰ ਪਿੱਛੇ ਵੱਲ ਲੈ ਜਾਂਦਾ ਹੈ। ਮਲਬਾ ਡਿੱਗਦਾ ਵੇਖ ਕੇ ਸਵਾਰੀਆਂ ਘਬਰਾ ਗਈਆਂ। ਕੁਝ ਯਾਤਰੀ ਆਪਣੀ ਜਾਨ ਬਚਾਉਣ ਲਈ ਖਿੜਕੀਆਂ ’ਚੋਂ ਹੀ ਛਾਲਾਂ ਮਾਰ ਕੇ ਦੌੜਨ ਲੱਗੇ। ਜ਼ਮੀਨ ਖਿਸਕਣ ਦੇ ਖ਼ਤਰੇ ਨੂੰ ਵੇਖਦੇ ਹੋਏ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਰੋਕ ਦਿੱਤੀ ਗਈ ਹੈ। ਭਾਰੀ ਵਾਹਨਾਂ ਨੂੰ ਲੰਘਣ ’ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ ਹੈ। ਬੇਹੱਦ ਜ਼ਰੂਰੀ ਸੇਵਾਵਾਂ ਨੂੰ ਨੈਨੀਤਾਲ ਜ਼ਰੀਏ ਕਮਾਊਂ ਦੇ ਬਾਕੀ ਜ਼ਿਿਲ੍ਹਆਂ ਤੋਂ ਭੇਜਿਆ ਜਾ ਰਿਹਾ ਹੈ।