ਨਵੀਂ ਦਿੱਲੀ, 27 ਫਰਵਰੀ
ਹਾਕੀ ਇੰਡੀਆ ਲਈ ਉਸ ਵੇਲੇ ਸ਼ਰਮਨਾਕ ਘਟਨਾ ਹੋਈ ਜਦੋਂ ਕੁੱਝ ਮਹੀਨਿਆਂ ਦੇ ਬਕਾਏ ਦਾ ਭੁਗਤਾਨ ਨਾ ਹੋਣ ਕਰਕੇ ਉਸ ਦੀ ਸੀਈਓ ਐਲੀਨਾ ਨੌਰਮਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਆਸਟਰੇਲੀਅਨ ਕਰੀਬ 13 ਸਾਲਾਂ ਤੋਂ ਇਸ ਅਹੁਦੇ ‘ਤੇ ਸੀ। ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ। ਨੌਰਮਨ ਦਾ ਅਸਤੀਫਾ ਭਾਰਤੀ ਮਹਿਲਾ ਹਾਕੀ ਟੀਮ ਦੀ ਮੁੱਖ ਕੋਚ ਜੈਨੇਕੇ ਸ਼ੋਪਮੈਨ ਦੇ ਕੁਝ ਦਿਨ ਬਾਅਦ ਆਇਆ ਹੈ, ਜਿਸ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰੀ ਫੈਡਰੇਸ਼ਨ ਵੱਲੋਂ ਉਸ ਦੀ ਕਦਰ ਅਤੇ ਸਨਮਾਨ ਨਹੀਂ ਕੀਤਾ ਗਿਆ। ਨੌਰਮਨ ਦਾ ਅਸਤੀਫਾ ਸੰਸਥਾ ਲਈ ਇਕ ਹੋਰ ਝਟਕਾ ਹੈ। ਸੂਤਰ ਨੇ ਕਿਹਾ ਕਿ ਨੌਰਮਨ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਬਕਾਏ ਦਾ ਭੁਗਤਾਨ ਨਾ ਕੀਤੇ ਜਾਣ ਤੋਂ ਪ੍ਰੇਸ਼ਾਨ ਸੀ। ਉਹ ਕੰਮ ਦੇ ਮਾਹੌਲ ਤੋਂ ਵੀ ਨਾਖੁਸ਼ ਸੀ। ਇਸ ਦੌਰਾਨ ਹਾਕੀ ਇੰਡੀਆ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਦਿਲੀਪ ਟਿਰਕੀ ਨੇ ਨੌਰਮਨ ਦਾ ਅਸਤੀਫਾ ਸਵੀਕਾਰ ਕਰਦੇ ਹੋਏ ਆਸਟਰੇਲਿਆਈ ਵੱਲੋਂ ਦਿੱਤੀਆਂ ਸੇਵਾਵਾਂ ਲਈ ਧੰਨਵਾਦ ਪ੍ਰਗਟ ਕੀਤਾ।