ਨਵੀਂ ਦਿੱਲੀ, 21 ਅਗਸਤ (ਦਲਜੀਤ ਸਿੰਘ)- ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਸ਼ਨੀਵਾਰ ਨੂੰ ਦੱਸਿਆ ਕਿ ਦਿੱਲੀ ਵਿਚ 139 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਬੀਤੇ 13 ਸਾਲਾਂ ’ਚ ਇਸ ਮਹੀਨੇ ’ਚ 24 ਘੰਟੇ ਦੇ ਅੰਦਰ ਸਭ ਤੋਂ ਵੱਧ ਮੀਂਹ ਹੈ। ਆਈ. ਐੱਮ. ਡੀ. ਨੇ ਇਸ ਦੇ ਨਾਲ ਹੀ ਸ਼ਹਿਰ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਕਈ ਹਿੱਸਿਆਂ ’ਚ ਮੋਹਲੇਧਾਰ ਮੀਂਹ ਪਿਆ, ਜਿਸ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਅਤੇ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਸਵੇਰੇ 8:30 ਮਿੰਟ ਤੋਂ ਲੈ ਕੇ ਸ਼ਨੀਵਾਰ 8:30 ਮਿੰਟ ਦਰਮਿਆਨ 139 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਹ 13 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ, ਜਦੋਂ ਅਗਸਤ ਮਹੀਨੇ ਵਿਚ ਇਕ ਦਿਨ ਵਿਚ ਇੰਨਾ ਮੀਂਹ ਦਰਜ ਕੀਤਾ ਗਿਆ ਹੈ।
ਹੁਣ ਤੱਕ ਦਿੱਲੀ ਵਿਚ ਅਗਸਤ ਮਹੀਨੇ ਦੌਰਾਨ ਇਕ ਦਿਨ ਵਿਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ 184 ਮਿਲੀਮੀਟਰ ਹੈ, ਜੋ ਕਿ 2 ਅਗਸਤ 1961 ਨੂੰ ਦਰਜ ਕੀਤੀ ਗਈ ਸੀ। ਆਈ. ਐੱਮ. ਡੀ. ਨੇ ਦਿੱਲੀ ’ਚ ਸ਼ਨੀਵਾਰ ਨੂੰ ਆਰੇਂਜ ਅਲਰਟ ਜਦਕਿ ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਮੀਂਹ ਦੀ ਵਜ੍ਹਾ ਨਾਲ ਮਿੰਟੋ ਬ੍ਰਿਜ, ਮੂੁਲਚੰਦ ਅੰਡਰਪਾਸ ਅਤੇ ਆਈ. ਟੀ. ਓ. ਸਮੇਤ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਪਾਣੀ ਭਰਨ ਕਾਰਨ ਦਿੱਲੀ ਟ੍ਰੈਫਿਕ ਪੁਲਸ ਨੇ ਕਈ ਅੰਡਰਪਾਸ ਨੂੰ ਬੰਦ ਕਰ ਦਿੱਤਾ ਹੈ। ਪੁਲਸ ਸਬੰਧਤ ਜਾਣਕਾਰੀ ਟਵਿੱਟਰ ਜ਼ਰੀਏ ਲੋਕਾਂ ਨੂੰ ਦੇ ਰਹੀ ਹੈ। ਦਿੱਲੀ ਵਿਚ ਮੀਂਹ ਪੈਣ ਨਾਲ ਹਵਾ ਦੀ ਗੁਣਵੱਤਾ ਵਿਚ ਵੀ ਸੁਧਾਰ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ਨੀਵਾਰ ਦੀ ਸਵੇਰ ਨੂੰ ਹਵਾ ਗੁਣਵੱਤਾ ਸੂਚਕਾਂਕ 67 ਦਰਜ ਕੀਤਾ ਗਿਆ, ਜੋ ਕਿ ‘ਤਸੱਲੀਬਖ਼ਸ਼’ ਸ਼੍ਰੇਣੀ ਵਿਚ ਆਉਂਦਾ ਹੈ।