ਕਾਬੁਲ,21 ਅਗਸਤ (ਦਲਜੀਤ ਸਿੰਘ)- ਅਫ਼ਗਾਨਿਸਤਾਨ ਹੁਣ ਤਾਲਿਬਾਨ ਦੇ ਕਬਜ਼ੇ ’ਚ ਹੈ। ਤਾਲਿਬਾਨ ਦੇ ਕਬਜ਼ੇ ਮਗਰੋਂ ਉੱਥੇ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਹਵਾਈ ਫ਼ੌਜ ਲਗਾਤਾਰ ਜੁੱਟੀ ਹੋਈ ਹੈ। ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਅਮਰੀਕੀ ਫ਼ੌਜੀਆਂ ਦੇ ਹੱਥਾਂ ’ਚ ਹੈ, ਜਿਸ ਦੀ ਮਦਦ ਨਾਲ ਭਾਰਤ ਵੀ ਆਪਣੇ ਨਾਗਰਿਕਾਂ ਨੂੰ ਏਅਰਲਿਫਟ ਕਰ ਕੇ ਵਤਨ ਵਾਪਸ ਲਿਆ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਾਲ ਹੀ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲੰਿਕਨ ਨਾਲ ਸਹਿਯੋਗ ਦੀ ਅਪੀਲ ਕੀਤੀ ਸੀ। ਸਮਾਚਾਰ ਏਜੰਸੀ ਏ. ਐੱਨ. ਆਈ. ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਨੀਵਾਰ ਯਾਨੀ ਕਿ ਅੱਜ ਭਾਰਤੀ ਹਵਾਈ ਫ਼ੌਜ ਦਾ ਛ-130ਝ ਜਹਾਜ਼ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ 85 ਭਾਰਤੀਆਂ ਨਾਲ ਉਡਾਣ ਭਰੀ ਹੈ। ਇਸ ਤੋਂ ਬਾਅਦ ਇਸ ਫ਼ੌਜੀ ਜਹਾਜ਼ ਨੇ ਈਂਧਨ ਭਰਨ ਲਈ ਤਜਾਕਿਸਤਾਨ ’ਚ ਲੈਂਡ ਕੀਤਾ। ਇਸ ਦੇ ਜਲਦ ਹੀ ਬਾਅਦ ਜਹਾਜ਼ ਨੇ ਉੱਥੋਂ ਭਾਰਤ ਲਈ ਉਡਾਣ ਭਰ ਲਈ ਹੈ।
ਦੱਸ ਦੇਈਏ ਕਿ ਅਫ਼ਗਾਨਿਸਤਾਨ ਸੰਕਟ ਦਰਮਿਆਨ ਕਾਬੁਲ ’ਚ ਕਈ ਭਾਰਤੀ ਫਸੇ ਹੋਏ ਹਨ। ਭਾਰਤੀਆਂ ਨੂੰ ਕੱਢਣ ਦੀ ਚੁਣੌਤੀ ਸਰਕਾਰ ਦੇ ਸਾਹਮਣੇ ਹੈ। ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਭਾਈਵਾਲ ਪੱਖਾਂ ਨਾਲ ਸੰਪਰਕ ਵਿਚ ਹੈ। ਹੁਣ ਤੱਕ ਭਾਰਤੀ ਦੂਤਘਰ ਨਾਲ ਜੁੜੇ ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਕ ਉੱਚ ਪੱਧਰੀ ਬੈਠਕ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਯੁੱਧ ਪੀੜਤ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦਾ ਜਾਵੇ।