ਜੈਪੁਰ, 19 ਫਰਵਰੀ
ਉੱਤਰ ਪ੍ਰਦੇਸ਼ ਦੇ ਨੀਟ ਪ੍ਰੀਖਿਆਰਥੀ ਦੀ ਰਾਜਸਥਾਨ ਦੇ ਕੋਟਾ ਵਿੱਚ ‘ਬਿਮਾਰੀ’ ਕਾਰਨ ਮੌਤ ਹੋ ਗਈ ਅਤੇ ਇੱਕ ਹੋਰ ਵਿਦਿਆਰਥੀ, ਜੋ ਜੇਈਈ ਪ੍ਰੀਖਿਆਰਥੀ ਸੀ, ਹਫ਼ਤੇ ਤੋਂ ਲਾਪਤਾ ਹੈ। ਉੱਤਰ ਪ੍ਰਦੇਸ਼ ਦੇ ਵਿਦਿਆਰਥੀ ਦੀ ਪਛਾਣ ਅਲੀਗੜ੍ਹ ਦੇ ਰਹਿਣ ਵਾਲੇ ਸ਼ਿਵਮ ਰਾਘਵ (21) ਵਜੋਂ ਹੋਈ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ਕੋਟਾ ਵਿੱਚ ਨੀਟ ਦੀ ਤਿਆਰੀ ਕਰ ਰਿਹਾ ਸੀ। ਪੁਲੀਸ ਮੁਤਾਬਕ ਰਾਘਵ ਛੇ ਮਹੀਨਿਆਂ ਤੋਂ ਹਾਈ ਸ਼ੂਗਰ ਲੈਵਲ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ ਅਤੇ ਸ਼ੁੱਕਰਵਾਰ ਨੂੰ ਉਸਦੀ ਹਾਲਤ ਵਿਗੜਨ ‘ਤੇ ਐੱਮਬੀਐੱਸ ਹਸਪਤਾਲ ਲਿਜਾਇਆ ਗਿਆ ਸੀ। ਰਾਘਵ ਦੀ ਹਾਲਤ ਲਗਾਤਾਰ ਵਿਗੜਦੀ ਗਈ ਜਿਸ ਤੋਂ ਬਾਅਦ ਉਸ ਨੂੰ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਐਤਵਾਰ ਨੂੰ ਉਸ ਨੇ ਦਮ ਤੋੜ ਦਿੱਤਾ। ਰਾਘਵ ਦੀ ਮੌਤ ਪਿਛਲੇ ਚਾਰ ਦਿਨਾਂ ‘ਚ ਕੋਟਾ ‘ਚ ਕੋਚਿੰਗ ਦੇ ਵਿਦਿਆਰਥੀ ਦੀ ਬਿਮਾਰੀ ਕਾਰਨ ਦੂਜੀ ਮੌਤ ਹੈ। ਵੀਰਵਾਰ ਨੂੰ ਜੇਈਈ ਪ੍ਰੀਖਿਆਰਥੀ ਪਰਮੀਤ ਰਾਜ ਰਾਏ ਦੀ ਦੋਸਤਾਂ ਨਾਲ ਡਿਨਰ ਕਰਨ ਤੋਂ ਬਾਅਦ ਰਹੱਸਮਈ ਢੰਗ ਨਾਲ ਮੌਤ ਹੋ ਗਈ। ਉਸ ਦੇ ਪਿਤਾ ਰਾਜੀਵ ਰੰਜਨ ਰਾਏ ਨੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜੇਈਈ ਵਿਦਿਆਰਥੀ ਅੱਠ ਦਿਨਾਂ ਤੋਂ ਲਾਪਤਾ ਹੈ। ਮੱਧ ਪ੍ਰਦੇਸ਼ (ਰਾਜਗੜ੍ਹ) ਦਾ ਰਹਿਣ ਵਾਲਾ 16 ਸਾਲਾ ਵਿਦਿਆਰਥੀ ਰਚਿਤ ਸੌਂਧਿਆ ਪ੍ਰੀਖਿਆ ਦੇਣ ਬਹਾਨੇ ਹੋਸਟਲ ਤੋਂ ਚਲਾ ਗਿਆ ਸੀ ਪਰ ਉਹ ਅੱਠ ਦਿਨਾਂ ਤੋਂ ਲਾਪਤਾ ਹੈ। ਉਹ ਇੱਕ ਸਾਲ ਤੋਂ ਕੋਟਾ ਵਿੱਚ ਜੇਈਈ ਦੀ ਤਿਆਰੀ ਕਰ ਰਿਹਾ ਸੀ। ਵਿਦਿਆਰਥੀ ਦਾ ਆਖਰੀ ਟਿਕਾਣਾ ਗਾਰਡੀਆ ਮਹਾਦੇਵ ਮੰਦਰ ਖੇਤਰ ‘ਚ ਮਿਲਿਆ ਸੀ। ਉਸ ਦਾ ਬੈਗ ਅਤੇ ਚੱਪਲਾਂ ਨੇੜਲੇ ਚੰਬਲ ਨਦੀ ਵਿੱਚੋਂ ਮਿਲੀਆਂ ਹਨ।