ਗ਼ੁਲਾਮੀ, ਆਜ਼ਾਦੀ ਤੇ ਵਰਤਮਾਨ

gulami/nawanpunjab.com

ਜਦ ਅਸੀਂ ਆਪਣੇ ਅਤੀਤ ਬਾਰੇ ਕਲਪਨਾ ਕਰਦੇ ਹਾਂ ਤਾਂ ਬਹੁਤ ਵਾਰ ਉਸ ਨੂੰ ਵਰਤਮਾਨ ਦੇ ਸ਼ੀਸ਼ਿਆਂ ਰਾਹੀਂ ਦੇਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਅਤੀਤ ਦੀਆਂ ਘਟਨਾਵਾਂ ਨੂੰ ਉਸ ਸਮੇਂ ਦੀਆਂ ਸਮਾਜਿਕ, ਸਿਆਸੀ, ਸੱਭਿਆਚਾਰਕ ਅਤੇ ਆਰਥਿਕ ਸਥਿਤੀਆਂ, ਵੈਰ-ਵਿਰੋਧਾਂ, ਵਿਰੋਧਾਭਾਸਾਂ, ਜਾਤੀ ਅਤੇ ਜਮਾਤੀ ਹਾਲਾਤ ਅਨੁਸਾਰ ਸਮਝਣਾ ਬਹੁਤ ਔਖਾ ਹੀ ਨਹੀਂ ਸਗੋਂ ਕਈ ਵਾਰ ਨਾਮੁਮਕਿਨ ਹੁੰਦਾ ਹੈ। ਦੂਸਰੇ ਪਾਸੇ ਜੇ ਉਨ੍ਹਾਂ ਘਟਨਾਵਾਂ ਨੂੰ ਵਰਤਮਾਨ ਦੇ ਸ਼ੀਸ਼ਿਆਂ, ਜਿਨ੍ਹਾਂ ਵਿਚ ਸਾਨੂੰ ਆਪਣੀ ਸਮਝ ਅਤੇ ਵਰਤਮਾਨ ਸਮਿਆਂ ਦੇ ਵਿਚਾਰ ਜ਼ਿਆਦਾ ਸੱਚੇ ਤੇ ਵਿਕਸਿਤ ਲੱਗਦੇ ਹਨ, ਰਾਹੀਂ ਦੇਖੀਏ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਅਤੀਤ ਦੀ ਸਹੀ ਤੇ ਸੱਚੀ ਤਸਵੀਰ ਦੇਖ ਰਹੇ ਹਾਂ। ਉਦਾਹਰਨ ਦੇ ਤੌਰ ’ਤੇ ਆਮ ਕਰਕੇ 1757 ਵਿਚ ਹੋਈ ਪਲਾਸੀ ਦੀ ਲੜਾਈ ਨੂੰ ਦੇਸ਼ ਵਿਚ ਅੰਗਰੇਜ਼ਾਂ ਦੇ ਰਾਜ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਜਦ ਰਾਬਰਟ ਕਲਾਈਵ ਦੀ 800 ਅੰਗਰੇਜ਼ ਅਤੇ 2200 ਹਿੰਦੋਸਤਾਨੀ ਸਿਪਾਹੀਆਂ ਦੀ ਫ਼ੌਜ ਸਿਰਫ਼ ਅੱਠ ਤੋਪਾਂ ਨਾਲ ਬੰਗਾਲ (ਹੁਣ ਦਾ ਪੱਛਮੀ ਬੰਗਾਲ ਅਤੇ ਬੰਗਲਾਦੇਸ਼)- ਬਿਹਾਰ ਦੇ ਸੂਬੇਦਾਰ ਨਵਾਬ ਸਿਰਾਜ-ਉਦ-ਦੌਲਾ ਦੀ ਲਗਭਗ 50,000 ਸਿਪਾਹੀਆਂ ਦੀ ਫ਼ੌਜ, ਜਿਨ੍ਹਾਂ ਕੋਲ ਫਰਾਂਸੀਸੀ ਜਰਨੈਲਾਂ ਦਾ ਸਿੱਖਿਅਤ ਤੋਪਖ਼ਾਨਾ (50 ਤੋਂ ਵੱਧ ਤੋਪਾਂ) ਸੀ, ਨੂੰ ਕੁਝ ਘੰਟਿਆਂ ਦੀ ਲੜਾਈ ਵਿਚ ਹਰਾ ਦਿੱਤਾ।

ਇਸ ਘਟਨਾ ਨੂੰ ਜਦ ਵਰਤਮਾਨ ਦੇ ਸ਼ੀਸ਼ਿਆਂ ਰਾਹੀਂ ਦੇਖਿਆ ਜਾਂਦਾ ਹੈ ਤਾਂ ਇਸ ਹਾਰ ਦਾ ਖਲਨਾਇਕ ਮੀਰ ਜਾਫ਼ਰ ਨੂੰ ਠਹਿਰਾਇਆ ਜਾਂਦਾ ਹੈ ਜਿਸ ਨੇ ਸਿਰਾਜ-ਉਦ-ਦੌਲਾ ਨੂੰ ਧੋਖਾ ਦਿੱਤਾ ਅਤੇ ਕਲਾਈਵ ਨਾਲ ਸਮਝੌਤਾ ਕਰਕੇ ਅੰਗਰੇਜ਼ਾਂ ਨਾਲ ਨਾ ਲੜਿਆ। ਬਾਅਦ ਵਿਚ ਉਸ ਨੂੰ ਬੰਗਾਲ ਦਾ ਸੂਬੇਦਾਰ ਬਣਾਇਆ ਗਿਆ ਅਤੇ ਉਸ ਨੇ ਈਸਟ ਇੰਡੀਆ ਕੰਪਨੀ ਅਤੇ ਰਾਬਰਟ ਕਲਾਈਵ ਨੂੰ ਧਨ ਨਾਲ ਮਾਲੋ-ਮਾਲ ਕਰ ਦਿੱਤਾ। ਮੀਰ ਜਾਫ਼ਰ ਸਿਰਾਜ-ਉਦ-ਦੌਲਾ ਦੇ ਨਾਨੇ ਅਲੀਵਰਦੀ ਖਾਂ ਦਾ ਜੀਜਾ ਸੀ ਜਿਸ ਨੇ ਪਲਾਸੀ ਦੀ ਲੜਾਈ ਤੋਂ ਇਕ ਸਾਲ ਪਹਿਲਾਂ ਸਿਰਾਜ-ਉਦ-ਦੌਲਾ ਵੱਲੋਂ ਕੋਲਕਾਤਾ ਵਿਚ ਅੰਗਰੇਜ਼ਾਂ ਦੇ ਕਿਲੇ ‘ਫੋਰਟ ਵਿਲੀਅਮ’ ’ਤੇ ਕਬਜ਼ਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਸੀ।

ਮੁਗ਼ਲ ਸਲਤਨਤ ਦੇ ਪਤਨ ਨਾਲ ਜੁੜੀ ਹੋਈ ਇਹ ਕਹਾਣੀ ਬਹੁਤ ਜਟਿਲ ਹੈ। ਬਾਬਰ ਦੁਆਰਾ ਸਥਾਪਿਤ ਇਹ ਸਲਤਨਤ ਅਕਬਰ ਦੇ ਜ਼ਮਾਨੇ ਵਿਚ ਮਜ਼ਬੂਤ ਹੋਈ ਜਿਸ ਨੇ ਮਨਸਬਦਾਰੀ ਪ੍ਰਣਾਲੀ ਸ਼ੁਰੂ ਕਰਕੇ ਬਾਦਸ਼ਾਹਤ ਦਾ ਬਹੁਤ ਯੋਗਤਾ ਨਾਲ ਪ੍ਰਬੰਧ ਕੀਤਾ। ਸਲਤਨਤ ਦੀ ਆਮਦਨ ਮੁੱਖ ਤੌਰ ’ਤੇ ਕਿਸਾਨਾਂ ਤੋਂ ਲਏ ਜਾਂਦੇ ਮਾਲੀਏ ਅਤੇ ਵਪਾਰੀਆਂ ’ਤੇ ਲਾਏ ਜਾਂਦੇ ਟੈਕਸਾਂ ’ਤੇ ਨਿਰਭਰ ਸੀ। ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮਿਆਂ ਵਿਚ ਇਹ ਆਮਦਨ ਵਧਦੀ ਗਈ ਤੇ ਸਲਤਨਤ ਦੀ ਅਮੀਰੀ ਅਤੇ ਵਿਸ਼ਾਲਤਾ ਸਿਖ਼ਰ ’ਤੇ ਪਹੁੰਚੀਆਂ। ਔਰੰਗਜ਼ੇਬ ਦੀਆਂ ਦੱਖਣ ਅਤੇ ਉੱਤਰ ਪੂਰਬੀ ਭਾਰਤ ਵਿਚ ਜਿੱਤਾਂ ਨਾਲ ਸਭ ਤੋਂ ਵੱਡੀ ਬਾਦਸ਼ਾਹਤ ਕਾਇਮ ਹੋਈ ਪਰ ਜੰਗਾਂ ਕਾਰਨ ਸ਼ਾਹੀ ਖ਼ਜ਼ਾਨਾ ਖਾਲੀ ਹੋਣਾ ਸ਼ੁਰੂ ਹੋ ਗਿਆ। ਦੱਖਣ ਵਿਚ ਬੀਜਾਪੁਰ ਅਤੇ ਗੋਲਕੰਡਾ ਦੀਆਂ ਜਿੱਤਾਂ ਤੋਂ ਬਾਅਦ ਕਿਸਾਨਾਂ ’ਤੇ ਮਾਲੀਆ 23 ਫ਼ੀਸਦੀ ਵਧਾਇਆ ਗਿਆ। ਇਨ੍ਹਾਂ ਸਮਿਆਂ ਵਿਚ ਮਰਾਠਿਆਂ, ਸਿੱਖਾਂ ਅਤੇ ਹੋਰ ਸਥਾਨਕ ਰਾਜੇ-ਰਜਵਾੜਿਆਂ ਦੀ ਅਗਵਾਈ ਵਿਚ ਖੇਤਰੀ ਤਾਕਤਾਂ ਉੱਭਰੀਆਂ। ਮਨਸਬਦਾਰ ਵਧਦੇ ਗਏ ਪਰ ਸ਼ਾਹੀ ਖ਼ਜ਼ਾਨਾ ਉਨ੍ਹਾਂ ਦੇ ਖਰਚੇ ਪੂਰੇ ਕਰਨ ਦੇ ਸਮਰੱਥ ਨਹੀਂ ਸੀ। ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗ਼ਲ ਸਲਤਨਤ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਇਨ੍ਹਾਂ ਸਮਿਆਂ ਵਿਚ ਹੀ ਮੁਰਸ਼ਿਦ ਕੁਲੀ ਖਾਂ ਅਤੇ ਅਲੀਵਰਦੀ ਖਾਂ ਬਿਹਾਰ-ਬੰਗਾਲ ਦੇ ਲਗਭਗ ਖ਼ੁਦਮੁਖ਼ਤਿਆਰ ਹਾਕਮਾਂ ਵਜੋਂ ਉੱਭਰੇ ਭਾਵੇਂ ਉਹ ਮੁਗ਼ਲ ਬਾਦਸ਼ਾਹ ਨੂੰ ਆਪਣਾ ਸ਼ਹਿਨਸ਼ਾਹ ਸਵੀਕਾਰ ਕਰਦੇ ਸਨ।

ਅਲੀਵਰਦੀ ਖਾਂ ਬਿਹਾਰ-ਬੰਗਾਲ ਦਾ ਆਖ਼ਰੀ ਕਾਬਲ ਸੂਬੇਦਾਰ ਸੀ। ਉਸ ਦਾ ਦੋਹਤਾ ਸਿਰਾਜ-ਉਦ-ਦੌਲਾ ਅੱਯਾਸ਼ ਤੇ ਨਾਕਾਬਲ ਹਾਕਮ ਸੀ। ਸਿਰਾਜ-ਉਦ-ਦੌਲਾ ਨੇ ਗੱਦੀ ’ਤੇ ਬਹਿਣ ਲਈ ਆਪਣੇ ਭਰਾ, ਮਾਸੜ ਅਤੇ ਹੋਰ ਰਿਸ਼ਤੇਦਾਰਾਂ ਦਾ ਕਤਲ ਕੀਤਾ। ਉਸ ਨੇ ਜੂਨ 1756 ਵਿਚ ਕੋਲਕਾਤਾ ਵਿਚ ਅੰਗਰੇਜ਼ਾਂ ’ਤੇ ਹਮਲਾ ਕਰਕੇ ਅੰਗਰੇਜ਼ਾਂ ਨੂੰ ਉੱਥੋਂ ਕੱਢ ਕੇ ਇਸ ਦਾ ਨਾਂ ਅਲੀਨਗਰ (ਆਪਣੇ ਨਾਨੇ ਦੇ ਨਾਂ ’ਤੇ) ਰੱਖਿਆ ਪਰ ਅੰਗਰੇਜ਼ ਜਨਵਰੀ 1757 ਵਿਚ ਕੋਲਕਾਤਾ ’ਤੇ ਦੁਬਾਰਾ ਕਾਬਜ਼ ਹੋ ਗਏ। ਕੋਲਕਾਤਾ ’ਤੇ ਹੋਈ ਆਰਜ਼ੀ ਜਿੱਤ ਦਾ ਵਿਰੋਧਾਭਾਸ ਇਹ ਸੀ ਕਿ ਸਿਰਾਜ-ਉਦ-ਦੌਲਾ ਨੇ 70,000 ਦੀ ਫ਼ੌਜ ਨਾਲ ਕੋਲਕਾਤਾ ਵਿਚ ਅੰਗਰੇਜ਼ਾਂ ਦਾ ਫੋਰਟ ਵਿਲੀਅਮ ਦਾ ਕਿਲਾ ਜਿੱਤਿਆ ਸੀ, ਜਿਸ ਵਿਚ ਕੇਵਲ 300 ਸਿਪਾਹੀ ਸਨ।

ਅੰਗਰੇਜ਼ਾਂ ਅਤੇ ਸਿਰਾਜ-ਉਦ-ਦੌਲਾ ਵਿਚਕਾਰ ਹੋਣ ਵਾਲੇ ਯੁੱਧ ਦੀ ਯੋਜਨਾ ਦੀ ਤਹਿਰੀਰ ਦਾ ਮੁੱਖ ਲਿਖਾਰੀ ਉਨ੍ਹਾਂ ਸਮਿਆਂ ਦਾ ਸਭ ਤੋਂ ਵੱਡਾ ਵਪਾਰੀ, ਸਨਅਤਕਾਰ ਅਤੇ ਬੈਂਕਰ ਮਹਿਤਾਬ ਰਾਏ ਜਗਤ ਸੇਠ ਸੀ। ਮਹਿਤਾਬ ਰਾਏ ਇਕ ਮਸ਼ਹੂਰ ਓਸਵਾਲ ਮਾਰਵਾੜੀ ਘਰਾਣੇ ਨਾਲ ਸਬੰਧਿਤ ਸੀ ਜਿਹੜੇ 17ਵੀਂ ਸਦੀ ਦੇ ਅਖ਼ੀਰ ਅਤੇ 18ਵੀਂ ਸਦੀ ਦੇ ਸ਼ੁਰੂ ਵਿਚ ਬੰਗਾਲ-ਬਿਹਾਰ-ਉੜੀਸਾ ਦੇ ਸਭ ਤੋਂ ਧਨਾਢ ਵਪਾਰੀ ਬਣ ਗਏ। ਬੰਗਾਲ ਦੇ ਸੂਬੇਦਾਰਾਂ ਨੂੰ ਦਿੱਲੀ ਦੇ ਬਾਦਸ਼ਾਹਾਂ ਨੂੰ ਖ਼ੁਸ਼ ਰੱਖਣ ਲਈ ਇਸ ਘਰਾਣੇ ਤੋਂ ਕਰਜ਼ਾ ਲੈਣਾ ਪੈਂਦਾ ਸੀ। ਮੁਗ਼ਲ ਬਾਦਸ਼ਾਹਾਂ ਨੇ ਇਸ ਘਰਾਣੇ ਨੂੰ 1712 ਵਿਚ ਨਗਰ ਸੇਠ ਅਤੇ 1722-23 ਵਿਚ ਜਗਤ ਸੇਠ (ਦੁਨੀਆਂ ਦੇ ਸਰਬਉੱਚ ਸ਼ਾਹੂਕਾਰ) ਦੇ ਖ਼ਿਤਾਬਾਂ ਨਾਲ ਨਿਵਾਜਿਆ। ਈਸਟ ਇੰਡੀਆ ਕੰਪਨੀ ਅਤੇ ਜਗਤ ਸੇਠ ਜਲਦੀ ਹੀ ਵਪਾਰ ਵਿਚ ਹਿੱਸੇਦਾਰ ਬਣ ਗਏ ਸਨ ਅਤੇ ਅਠਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਈਸਟ ਇੰਡੀਆ ਕੰਪਨੀ ਕਈ ਸਾਲ ਜਗਤ ਸੇਠਾਂ ਤੋਂ ਲੱਖਾਂ ਰੁਪਏ (ਅੱਜ ਦੇ ਸਮੇਂ ਅਨੁਸਾਰ ਖਰਬਾਂ ਰੁਪਏ) ਲਗਾਤਾਰ ਕਰਜ਼ਾ ਲੈਂਦੀ ਰਹੀ। ਇਸ ਤਰ੍ਹਾਂ ਕੰਪਨੀ ਨੇ ਆਪਣੀ ਤਾਕਤ ਭਾਰਤੀ ਵਪਾਰੀਆਂ ਦੇ ਪੈਸੇ ਅਤੇ ਭਾਰਤੀ ਸਿਪਾਹੀਆਂ ਦੇ ਸਿਰ ’ਤੇ ਮਜ਼ਬੂਤ ਕੀਤੀ। ਬਹੁਤ ਸਾਰੇ ਵਪਾਰੀਆਂ ਨੇ ਸਿਰਾਜ-ਉਦ-ਦੌਲਾ ਅਤੇ ਹੋਰ ਰਾਜਿਆਂ ਵਿਰੁੱਧ ਅੰਗਰੇਜ਼ਾਂ ਦਾ ਸਾਥ ਦਿੱਤਾ।

ਮਹਿਤਾਬ ਰਾਏ ਨੇ ਕਲਾਈਵ ਅਤੇ ਮੀਰ ਜਾਫ਼ਰ ਵਿਚ ਸਮਝੌਤਾ ਕਰਵਾਉਣ ਵਿਚ ਫ਼ੈਸਲਾਕੁਨ ਭੂਮਿਕਾ ਨਿਭਾਈ ਅਤੇ ਜਿੱਤ ਤੋਂ ਬਾਅਦ ਮੀਰ ਜਾਫ਼ਰ ਅਤੇ ਕਲਾਈਵ ਦੋਵੇਂ ਮਹਿਤਾਬ ਰਾਏ ਦਾ ਧੰਨਵਾਦ ਕਰਨ ਉਸ ਦੇ ਘਰ ਗਏ ਪਰ ਇਹ ਨਾ ਤਾਂ ਮੀਰ ਜਾਫ਼ਰ ਦੀ ਜਿੱਤ ਸੀ, ਨਾ ਜਗਤ ਸੇਠ ਮਹਿਤਾਬ ਰਾਏ ਦੀ; ਇਸ ਜਿੱਤ ਨੇ ਦੇਸੀ ਨਵਾਬਾਂ, ਮਹਾਰਾਜਿਆਂ, ਰਾਜਿਆਂ, ਰਜਵਾੜਿਆਂ ਆਦਿ ਸਾਹਮਣੇ ਇਹ ਹਕੀਕਤ ਸਪੱਸ਼ਟ ਕਰ ਦਿੱਤੀ ਕਿ ਕੰਪਨੀ ਇਕ ਵਪਾਰਕ ਸੰਸਥਾ ਹੋਣ ਦੇ ਨਾਲ ਨਾਲ ਇਕ ਸੰਗਠਿਤ ਫ਼ੌਜੀ ਤਾਕਤ ਸੀ ਜੋ ਦੇਸ਼ ਵਿਚ ਫੈਲੀ ਅਰਾਜਕਤਾ ਦਾ ਪੂਰਾ ਫ਼ਾਇਦਾ ਉਠਾ ਸਕਦੀ ਸੀ। ਇਸ ਲੜਾਈ ਦਾ ਅਧਿਐਨ ਦੱਸਦਾ ਹੈ ਕਿ ਅਸੀਂ ਗ਼ੁਲਾਮ ਹੋਣ ਲਈ ਤਿਆਰ ਸਾਂ।

ਇਸ ਲੜਾਈ ਵਿਚ ਇਕ ਹੋਰ ਅਮੀਰ ਵਪਾਰੀ ਓਮੀਚੰਦ (ਉਹ ਪੰਜਾਬੀ ਸੀ; ਕਈ ਲਿਖਾਰੀਆਂ ਨੇ ਉਸ ਨੂੰ ਮੋਨਾ ਸਿੱਖ ਵੀ ਦੱਸਿਆ ਹੈ) ਨੇ ਵੀ ਕਲਾਈਵ ਦਾ ਸਾਥ ਦਿੱਤਾ। ਅੰਗਰੇਜ਼ਾਂ ਦਾ ਸਾਥ ਦੇਣ ਵਾਲਿਆਂ ਵਿਚ ਇਰਾਨ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਜ਼ੁਲਮ ਅਤੇ ਨਸਲਕੁਸ਼ੀ ਦਾ ਸ਼ਿਕਾਰ ਹੋਏ ਅਰਮੀਨੀ ਵਪਾਰੀ (ਖੋਜਾ ਪੈਤਰਸ ਅਰਾਤੂਨ, ਉਸ ਦੇ ਭਰਾ ਅਤੇ ਕਈ ਹੋਰ) ਵੀ ਸ਼ਾਮਲ ਸਨ। ਅਰਮੀਨੀਅਨ ਲਗਭਗ ਦੋ ਸਦੀਆਂ ਪਹਿਲਾਂ ਸੂਰਤ, ਬਨਾਰਸ, ਲਾਹੌਰ, ਆਗਰਾ, ਢਾਕਾ, ਲਖਨਊ ਤੇ ਬਾਅਦ ਵਿਚ ਕੋਲਕਾਤਾ ਅਤੇ ਮੁੰਬਈ ਵਿਚ ਆ ਵੱਸੇ ਸਨ। ਵੇਰਵੇ ਸਹਿਤ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੇ ਸਮਾਜ ਖੇਤਰੀ, ਜਾਤੀ, ਨਸਲੀ ਅਤੇ ਕਈ ਹੋਰ ਸਮਾਜਿਕ ਆਧਾਰਾਂ ’ਤੇ ਵੰਡੇ ਹੋਏ ਅਤੇ ਸਿਥਲਤਾ ਦਾ ਸ਼ਿਕਾਰ ਸਨ।

ਇਸ ਜੰਗ ਤੋਂ ਬਾਅਦ ਕੰਪਨੀ ਦੀ ਤਾਕਤ ਵਧਦੀ ਗਈ ਅਤੇ 1764-65 ਵਿਚ ਬਕਸਰ (ਬਿਹਾਰ) ਦੀ ਲੜਾਈ ਵਿਚ ਕੰਪਨੀ ਦੀ ਫ਼ੌਜ ਨੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ, ਬੰਗਾਲ ਦੇ ਨਵਾਬ ਮੀਰ ਕਾਸਿਮ (ਮੀਰ ਜਾਫ਼ਰ ਦਾ ਜਵਾਈ) ਅਤੇ ਅਵਧ ਦੇ ਨਵਾਬ ਸ਼ੁਜਾ-ਉਦ-ਦੌਲਾ ਦੀ ਸੰਯੁਕਤ ਫ਼ੌਜ ਨੂੰ ਹਰਾਇਆ। ਮੁਗ਼ਲ ਫ਼ੌਜਾਂ ਨੂੰ ਸਿੱਧੇ ਤੌਰ ’ਤੇ ਹਰਾਉਣ ਤੋਂ ਬਾਅਦ ਅੰਗਰੇਜ਼ਾਂ ਦਾ ਭਾਰਤ ’ਤੇ ਕਬਜ਼ਾ ਜਮਾਉਣ ਦਾ ਰਾਹ ਪੱਧਰਾ ਹੋਇਆ। ਮੈਸੂਰ (ਟੀਪੂ ਸੁਲਤਾਨ) ਅਤੇ ਲਾਹੌਰ ਦਰਬਾਰ (ਮਹਾਰਾਜਾ ਦਲੀਪ ਸਿੰਘ) ਤੋਂ ਬਿਨਾਂ ਕੋਈ ਵੀ ਰਾਜਾ-ਰਜਵਾੜਾ ਅੰਗਰੇਜ਼ਾਂ ਦਾ ਮਜ਼ਬੂਤੀ ਨਾਲ ਮੁਕਾਬਲਾ ਨਾ ਕਰ ਸਕਿਆ। ਪੰਜਾਬ ’ਤੇ ਸਭ ਤੋਂ ਬਾਅਦ ਵਿਚ 1849 ਵਿਚ ਕਬਜ਼ਾ ਹੋਇਆ। ਅੰਗਰੇਜ਼ਾਂ ਦੀ ਜੇਤੂ ਫ਼ੌਜ ਵਿਚ ਵੱਡੀ ਗਿਣਤੀ ਦੇਸੀ ਸਿਪਾਹੀਆਂ ਦੀ ਸੀ। ਬਹੁਤ ਸਾਰੇ ਰਾਜੇ-ਰਜਵਾੜਿਆਂ ਨੇ ਅੰਗਰੇਜ਼ਾਂ ਨਾਲ ਲੜਾਈ ਕੀਤੇ ਬਿਨਾਂ ਹੀ ਈਨ ਮੰਨ ਲਈ।

ਇਸ ਤਰ੍ਹਾਂ ਖ਼ਾਸ ਇਤਿਹਾਸਕ ਹਾਲਾਤ ਵਿਚ ਅੰਗਰੇਜ਼ਾਂ ਨੇ ਆਪਣੀ ਸੰਗਠਿਤ ਤਾਕਤ, ਭਾਰਤ ਤੋਂ ਕਮਾਏ ਪੈਸੇ, ਇੱਥੋਂ ਦੇ ਵਪਾਰੀਆਂ ਤੇ ਸ਼ਾਹੂਕਾਰਾਂ ਦੀ ਮਿਲੀ ਮਦਦ ਅਤੇ ਇੱਥੋਂ ਦੇ ਸਿਪਾਹੀਆਂ ਨੂੰ ਵਰਤ ਕੇ, ਦੇਸੀ ਰਾਜੇ-ਰਜਵਾੜਿਆਂ ਨੂੰ ਇਕ-ਦੂਜੇ ਦੇ ਵਿਰੁੱਧ ਲੜਾਉਂਦੇ ਹੋਏ ਸਾਰੇ ਦੇਸ਼ ਨੂੰ ਗ਼ੁਲਾਮ ਬਣਾ ਲਿਆ। ਅੰਗਰੇਜ਼ ਆਪਣੇ ਨਾਲ ਆਪਣੇ ਜ਼ਿਆਦਾ ਸੱਭਿਅਕ ਹੋਣ ਦਾ ਬਿਰਤਾਂਤ ਵੀ ਲੈ ਕੇ ਆਏ। ਇੰਗਲੈਂਡ ਵਿਚ ਸਨਅਤੀ ਇਨਕਲਾਬ ਹੋ ਚੁੱਕਾ ਸੀ ਅਤੇ ਅੰਗਰੇਜ਼ ਵਿਗਿਆਨ ਦੇ ਖੇਤਰ ਵਿਚ ਕਾਫ਼ੀ ਤਰੱਕੀ ਕਰ ਚੁੱਕੇ ਸਨ। ਜੋ ਪਲਾਸੀ ਵਿਚ ਹੋਇਆ, ਉਹ ਥਾਂ ਥਾਂ ਦੁਹਰਾਇਆ ਗਿਆ। ਪੰਜਾਬ ’ਤੇ ਕਬਜ਼ੇ ਸਮੇਂ ਵੀ ਲਾਹੌਰ ਦਰਬਾਰ ਦੇ ਕਈ ਅਹਿਲਕਾਰਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਅਫ਼ਰਾ-ਤਫ਼ਰੀ ਦੇ ਉਨ੍ਹਾਂ ਸਮਿਆਂ ਵਿਚ ਦੇਸ਼ ਭਗਤੀ ਦਾ ਸੰਕਲਪ ਵਿਕਸਿਤ ਨਹੀਂ ਸੀ ਹੋਇਆ। ਰਾਜੇ-ਰਜਵਾੜੇ, ਜਾਗੀਰਦਾਰ, ਅਹਿਲਕਾਰ, ਵਪਾਰੀ, ਸਭ ਆਪਣੀ ਹੋਂਦ, ਪੈਸੇ ਤੇ ਜਾਇਦਾਦ ਨੂੰ ਬਚਾਈ ਰੱਖਣ ਦੀ ਲੜਾਈ ਲੜ ਰਹੇ ਸਨ।

ਭਾਰਤ ਵਾਸੀਆਂ ਨੇ 1857 ਤੋਂ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਲਈ ਸੰਘਰਸ਼ ਸ਼ੁਰੂ ਕੀਤਾ ਜਿਹੜਾ 1947 ਵਿਚ ਸਿਖ਼ਰ ’ਤੇ ਪਹੁੰਚਿਆ। ਅੰਗਰੇਜ਼ਾਂ ਨੇ ਸਾਡੇ ਦੇਸ਼ ਵਿਚਲੇ ਧਾਰਮਿਕ ਪਾੜਿਆਂ ਨੂੰ ਵਧਾਇਆ ਜਿਸ ਕਾਰਨ ਦੇਸ਼ ਵੰਡਿਆ ਗਿਆ। ਗ਼ੁਲਾਮੀ ਦੇ 200 ਸਾਲਾਂ ਨੇ ਦੇਸ਼ ਨੂੰ ਆਰਥਿਕ ਪਛੜੇਪਣ ਦੀ ਉਸ ਡੂੰਘੀ ਖੱਡ ਵਿਚ ਸੁੱਟ ਦਿੱਤਾ ਜਿਸ ’ਚੋਂ ਨਿਕਲਣ ਲਈ ਅਸੀਂ ਅੱਜ ਵੀ ਜੂਝ ਰਹੇ ਹਾਂ। 15 ਅਗਸਤ ਦੇ ਦਿਨ, ਆਜ਼ਾਦੀ ਸੰਘਰਸ਼ ਵਿਚ ਕੁਰਬਾਨੀਆਂ ਦੇਣ ਵਾਲੇ ਨਾਇਕਾਂ ਨੂੰ ਯਾਦ ਕਰਨ ਦੇ ਨਾਲ ਨਾਲ ਸਾਨੂੰ ਉਨ੍ਹਾਂ ਹਾਲਾਤ ਨੂੰ ਵੀ ਗਹਿਰਾਈ ਨਾਲ ਸਮਝਣਾ ਚਾਹੀਦਾ ਹੈ ਜਿਨ੍ਹਾਂ ਕਾਰਨ ਅਸੀਂ ਗ਼ੁਲਾਮ ਹੋਏ। ਉਨ੍ਹਾਂ ਹਾਲਾਤ ਨੂੰ ਸਾਧਾਰਨੀਕਰਨ ਅਤੇ ਫ਼ਿਰਕਾਪ੍ਰਸਤ ਸੋਚ ਦੇ ਸ਼ੀਸ਼ਿਆਂ ਰਾਹੀਂ ਦੇਖਣ ਦੀ ਬਜਾਏ ਉਨ੍ਹਾਂ ਸਮਿਆਂ ਦੇ ਜਟਿਲ ਆਰਥਿਕ, ਸਿਆਸੀ ਅਤੇ ਸਮਾਜਿਕ ਸਬੰਧਾਂ ਦੀ ਰੌਸ਼ਨੀ ਵਿਚ ਸਮਝਣ ਨਾਲ ਹੀ ਅਸੀਂ ਅੱਜ ਦੇ ਸਮਿਆਂ ਬਾਰੇ ਆਪਣੀ ਸਮਝ ਵਿਚ ਤਵਾਜ਼ਨ ਰੱਖ ਸਕਦੇ ਹਾਂ।

ਸਵਰਾਜਬੀਰ

Leave a Reply

Your email address will not be published. Required fields are marked *