ਤਰਨ ਤਾਰਨ, 19 ਅਗਸਤ (ਦਲਜੀਤ ਸਿੰਘ)- ਸਥਾਨਕ ਸ਼ਹਿਰ ਦੇ ਇੱਕ ਨਿਜੀ ਹਸਪਤਾਲ ’ਤੇ ਲਾਪਰਵਾਹੀ ਦੇ ਕਥਿਤ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਅੰਦਰ ਇਕ 12 ਸਾਲਾ ਕੁੜੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਲੋਂ ਲਾਸ਼ ਨੂੰ ਹਸਪਤਾਲ ਅੱਗੇ ਰੱਖ ਧਰਨਾ ਲਗਾ ਦਿੱਤਾ ਗਿਆ। ਉਧਰ ਹਸਪਤਾਲ ਦੇ ਡਾਕਟਰ ਵਲੋਂ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਗਿਆ ਹੈ। ਇਸ ਮੌਕੇ ਥਾਣਾ ਸਿਟੀ ਦੀ ਪੁਲਸ ਨੇ ਧਰਨਾ ਲਗਾਉਣ ਵਾਲਿਆਂ ਨੂੰ ਸ਼ਾਂਤ ਕਰਵਾਉਦੇ ਹੋਏ ਧਰਨਾ ਖ਼ਤਮ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਕਦ ਗਿੱਲ ਨਿਵਾਸੀ ਮਨਪ੍ਰੀਤ ਕੌਰ 12 ਸਾਲ ਪੁਤਰੀ ਭੁਪਿੰਦਰ ਸਿੰਘ ਨੂੰ ਕੁਝ ਦਿਨ ਪਹਿਲਾਂ ਪਿੰਡ ਦੇ ਸਰਕਾਰੀ ਸਕੂਲ ਵਿਚੋਂ ਭੂੰਡ ਲੜ ਗਏ ਸਨ।
ਪਿੰਡ ਦੇ ਇਕ ਝੋਲਾ ਸ਼ਾਪ ਡਾਕਟਰ ਤੋਂ ਇਲਾਜ ਕਰਵਾਉਣ ਕਾਰਨ ਉਸ ਦੀ ਸਿਹਤ ਵਿਗੜ ਗਈ ਸੀ, ਜਿਸ ਨੂੰ ਬਾਅਦ ਵਿੱਚ ਤਰਨ ਤਾਰਨ ਦੇ ਜੰਡਿਆਲਾ ਰੋਡ ਵਿਖੇ ਸਥਿਤ ਨਿੱਜੀ ਹਸਪਤਾਲ ਲਿਆਂਦਾ ਗਿਆ। ਕਰੀਬ ਦੋ ਦਿਨ ਬਾਅਦ ਕੁੜੀ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਕੁੜੀ ਦੇ ਪਰਿਵਾਰ ਵਲੋਂ ਇਲਾਜ ਸਹੀ ਨਾ ਕਰਨ ਦੇ ਕਥਿਤ ਦੋਸ਼ ਲਗਾਏ ਜਾ ਰਹੇ ਹਨ। ਬਾਅਦ ਵਿੱਚ ਪੀੜਤ ਪਰਿਵਾਰ ਬਿਨਾਂ ਕੋਈ ਕਾਨੂੰਨੀ ਕਾਰਵਾਈ ਕਰਵਾਏ ਵਾਪਸ ਪਿੰਡ ਪਰਤ ਗਏ।