ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਤੇ ਦੋ ਕਾਂਗਰਸੀ ਵਿਧਾਇਕ ਜਥੇਦਾਰ ਮੰਡ ਸਾਹਮਣੇ ਪੇਸ਼

mand/nawanpnjab.com

ਅੰਮ੍ਰਿਤਸਰ, 20 ਅਗਸਤ (ਦਲਜੀਤ ਸਿੰਘ)- ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਵਿਧਾਇਕ ਹਰਮਿੰਦਰ ਗਿੱਲ ਅੱਜ ਦਰਬਾਰ ਸਾਹਿਬ ਵਿਖੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਮਿਲਣ ਪੁੱਜੇ। ਜਥੇਦਾਰ ਮੰਡ ਨੇ ਬਾਜਵਾ, ਸੁੱਖੀ ਰੰਧਾਵਾ, ਹਰਮਿੰਦਰ ਗਿੱਲ ਆਦਿ ਨੂੰ ਤਲਬ ਕੀਤਾ ਸੀ।
ਤ੍ਰਿਪਤ ਬਾਜਵਾ ਨੇ ਆਪਣਾ ਲਿਖਤੀ ਬਿਆਨ ਜਥੇਦਾਰ ਮੰਡ ਨੂੰ ਸੌਂਪ ਦਿੱਤਾ ਤੇ ਮੀਡੀਆ ਨਾਲ ਗੱਲ ਕੀਤੇ ਬਗੈਰ ਕੁਲਬੀਰ ਸਿੰਘ ਜੀਰਾ ਤੇ ਹਰਮਿੰਦਰ ਸਿੰਘ ਗਿੱਲ ਨਾਲ ਦਰਬਾਰ ਸਾਹਿਬ ਨਤਮਸਤਕ ਹੋਣ ਚਲੇ ਗਏ। ਦੱਸਣਯੋਗ ਹੈ ਕਿ ਬੇਅਦਬੀ ਦੀਆਂ ਘਟਵਾਨਾਂ ‘ਤੇ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕਰਨ ਦੇ ਦੋਸ਼ਾਂ ਤਹਿਤ ਮੁਤਵਾਜੀ ਜਥੇਦਾਰਾਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਹਰਮਿੰਦਰ ਗਿੱਲ, ਕੁਲਬੀਰ ਜੀਰਾ ਨੂੰ ਅਕਾਲ ਤਖਤ ‘ਤੇ ਤਲਬ ਕਰਕੇ ਸਪੱਸ਼ਟੀਕਰਨ ਮੰਗਿਆ ਸੀ।

ਦਰਅਸਲ ਜਦ ਬਰਗਾੜੀ ਵਿਖੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਦੁਬਾਰਾ ਧਰਨਾ ਲੱਗਾ ਸੀ ਤਾਂ ਉਕਤ ਆਗੂ ਹੀ ਸਿੱਖ ਸੰਗਤ ਨੂੰ ਭਰੋਸਾ ਦਿਵਾਉਣ ‘ਤੇ ਧਰਨਾ ਹਟਵਾਉਣ ਲਈ ਗਏ ਸਨ। ਇਸ ਤੋਂ ਪਹਿਲਾਂ ਵੀ ਉਕਤ ਆਗੂਆਂ ਨੂੰ ਦੋ ਵਾਰ ਸੱਦਿਆ ਸੀ ਪਰ ਕੋਈ ਨਹੀਂ ਪੁੱਜਾ ਤੇ ਅੱਜ ਆਖਰੀ ਮੌਕੇ ‘ਤੇ ਬਾਜਵਾ ਪੁੱਜੇ ਤੇ ਉਨ੍ਹਾਂ ਨੇ ਲਿਖਤੀ ਜਵਾਬ ਜਥੇਦਾਰ ਮੰਡ ਨੂੰ ਸੌਂਪ ਦਿੱਤਾ। ਦੂਜੇ ਪਾਸੇ ਧਿਆਨ ਸਿੰਘ ਮੰਡ ਨੇ ਆਖਿਆ ਕਿ ਲਿਖਤੀ ਜਵਾਬ ਨੂੰ ਪੰਜ ਸਿੰਘ ਸਹਿਬਾਨ ਵਾਚਣਗੇ ਤੇ ਚਰਚਾ ਉਪਰੰਤ ਜੋ ਵੀ ਫੈਸਲਾ ਹੋਵੇਗਾ, ਉਹ 30 ਅਗਸਤ ਨੂੰ ਸਿੱਖ ਸੰਗਤ ਦੇ ਧਿਆਨ ਹਿੱਤ ਲਿਆ ਦਿੱਤਾ ਜਾਵੇਗਾ।

Leave a Reply

Your email address will not be published. Required fields are marked *