ਮੁਹਾਲੀ, 6 ਫਰਵਰੀ
ਡੈਮੋਕ੍ਰੇਟਿਕ ਮਨਰੇਗਾ ਫਰੰਟ (ਡੀਐੱਮਐੱਫ਼) ਦੇ ਵਰਕਰਾਂ ਨੇ ਪੰਜਾਬ ਦੀ ਆਪ ਸਰਕਾਰ ਨੂੰ ਘੇਰਨ ਲਈ ਕਮਰਕੱਸ ਲਈ ਹੈ। ਇਸ ਸਬੰਧੀ ਪਿੰਡਾਂ ਵਿੱਚ ਮਨਰੇਗਾ ਵਰਕਰਾਂ ਅਤੇ ਦਿਹਾੜੀਦਾਰਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਡੀਐੱਮਐੱਫ ਦੀ ਸੂਬਾਈ ਆਗੂ ਸੁਨੀਤਾ ਰਾਣੀ ਕੈਦੂਪੁਰ ਅਤੇ ਮਨਪ੍ਰੀਤ ਕੌਰ ਰਾਜਪੁਰਾ ਨੇ ਦੱਸਿਆ ਕਿ 16 ਫਰਵਰੀ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਵਿਸ਼ਾਲ ਕਾਨਫ਼ਰੰਸ ਕੀਤੀ ਜਾਵੇਗੀ, ਜਿਸ ਵਿੱਚ ਮੁਹਾਲੀ ਜ਼ਿਲ੍ਹੇ ’ਚੋਂ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸ਼ਾਮਲ ਹੋਣਗੇ। ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਮਨਰੇਗਾ ਵਰਕਰ 16 ਫਰਵਰੀ ਨੂੰ ਮੁਹਾਲੀ ਵਿੱਚ ਵਿਸ਼ਾਲ ਕਾਨਫ਼ਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਣਗੇ ਕਿ ਪਿੰਡਾਂ ਵਿੱਚ ਵਸਦੇ ਅਸਲ ਆਮ ਆਦਮੀ ਲਈ ਰੁਜ਼ਗਾਰ ਕਿੱਥੇ ਹੈ? ਸਰਕਾਰ ਨੇ ਰੁਜ਼ਗਾਰ ਦੇਣ ਲਈ ਕਿਹੜੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਐਕਟ 18 ਸਾਲ ਪਹਿਲਾਂ ਬਣਿਆ ਪਰ ਅੱਜ ਤੱਕ ਬੇਰੁਜ਼ਗਾਰੀ ਭੱਤੇ ਦੇ ਨਿਯਮ ਨਹੀਂ ਬਣਾਏ ਜਾ ਸਕੇ ਹਨ? ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਮਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘੱਟੋ-ਘੱਟ ਉਜਰਤ ਦੇ ਬਰਾਬਰ ਦਿਹਾੜੀ ਕਿਉਂ ਨਹੀਂ ਦਿੱਤੀ ਜਾ ਰਹੀ? ਪਿੰਡਾਂ ਦੇ ਗਰੀਬ ਲੋਕਾਂ ਦਾ ਸ਼ੋਸ਼ਣ ਕਿਉਂ ਕੀਤਾ ਜਾ ਰਿਹਾ ਹੈ?
ਇਸ ਸਬੰਧੀ ਮੁਹਾਲੀ ਨੇੜਲੇ ਪਿੰਡ ਬੜੀ, ਸਿਆਊ, ਮਟਰਾਂ, ਕੁਰੜਾ, ਕੁਰੜੀ, ਸੇਖਣਮਾਜਰਾ, ਮੋਟੇਮਾਜਰਾ, ਤੰਗੋਰੀ, ਨਗਾਰੀਂ, ਮਿੱਢੇਮਾਜਰਾ, ਗੀਗੇਮਾਜਰਾ, ਕਲੌਲੀ, ਖਾਨਪੁਰ ਬਾਂਗਰ ਅਤੇ ਹੁਲਕਾ ਪਿੰਡਾਂ ਦੀਆਂ ਸੱਥਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਹਨ।