ਪਾਇਲ, 5 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਵੱਖ-ਵੱਖ ਬਲਾਕਾਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਸ਼ਾਮਲ ਸਾਰੀਆਂ ਜਥੇਬੰਦੀਆਂ ਇਕਮਤ ਹੋ ਕੇ ਕੇਂਦਰ ਸਰਕਾਰ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦੇ ਤਾਨਾਸ਼ਾਹੀ ਰਵੱਈਏ ਦਾ ਸਖ਼ਤ ਵਿਰੋਧ ਕਰਦੀਆਂ ਹਨ। ਮੀਟਿੰਗ ਦੌਰਾਨ ਸਰਬਸੰਮਤੀ ਨਾਲ 9 ਫਰਵਰੀ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਚ ਇਕੱਠੇ ਹੋ ਕੇ 16 ਫਰਵਰੀ ਦੇ ਭਾਰਤ ਬੰਦ ਲਈ ਜਾਗਰੂਕ ਲਹਿਰ ਵਜੋਂ ਪੈਦਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਬੀਕੇਯੂ ਰਾਜੇਵਾਲ, ਬੀਕੇਯੂ ਲੱਖੋਵਾਲ, ਬੀਕੇਯੂ ਏਕਤਾ ਉਗਰਾਹਾਂ, ਬੀਕੇਯੂ ਡਕੌਂਦਾ, ਮਜ਼ਦੂਰ ਯੂਨੀਅਨ, ਲਿਨਫੌਕਸ ਮਜ਼ਦੂਰ ਕਮੇਟੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ। ਬੀਕੇਯੂ ਰਾਜੇਵਾਲ ਵਲੋਂ ਬਲਵੰਤ ਸਿੰਘ ਰਾਜੇਵਾਲ, ਭਿੰਦਰ ਸਿੰਘ ਬੀਜਾ, ਧੰਨਰਾਜ ਸਿੰਘ ਕੋਟ ਪਨੈਚ, ਬੀਕੇਯੂ ਏਕਤਾ ਉਗਰਾਹਾਂ ਵਲੋਂ ਜਸਵੀਰ ਸਿੰਘ ਅਸਗਰੀਪੁਰ, ਸਨਦੀਪ ਸਿੰਘ ਬੀਜਾ, ਡਕੌਂਦਾ ਵੱਲੋਂ ਤਰਨਜੀਤ ਸਿੰਘ ਕੂਹਲੀ, ਬਲਵਿੰਦਰ ਸਿੰਘ ਨਿਜ਼ਾਮਪੁਰ, ਮਜ਼ਦੂਰ ਜਥੇਬੰਦੀਆਂ ਵੱਲੋਂ ਸੁਰਿੰਦਰ ਸਿੰਘ, ਮਨਧੀਰ ਸਿੰਘ, ਕਰਮਜੀਤ ਸਿੰਘ, ਮਜ਼ਦੂਰ ਯੂਨੀਅਨ ਵਲੋਂ ਮਲਕੀਤ ਸਿੰਘ ਆਦਿ ਨੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ।