ਸੁਲਤਾਨਪੁਰ ਲੋਧੀ – ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ (ਪਹਿਲੀ ਪਾਤਸ਼ਾਹੀ) ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ‘ਸਤਿਨਾਮ ਵਾਹਿਗੁਰੂ’ ਦੇ ਜਾਪ ਨਾਲ ਪਾਵਨ ਨਗਰੀ ਸੁਲਤਾਨਪੁਰ ਲੋਧੀ ਗੂੰਜ ਉੱਠੀ। ਸਵੇਰ ਤੋਂ ਸ਼ਾਮ ਤੱਕ 1 ਲੱਖ ਦੇ ਕਰੀਬ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜੇ।
ਸ਼ਰਧਾਲੂ ਸੰਗਤਾਂ ਦੇ ਆਏ ਸੈਲਾਬ ਕਾਰਨ ਸੁਲਤਾਨਪੁਰ ਲੋਧੀ ਦੀਆਂ ਸਾਰੀਆਂ ਸੜਕਾਂ ਭਰੀਆਂ ਰਹੀਆਂ ਅਤੇ ਪੈਦਲ ਜਾਣ ਨੂੰ ਵੀ ਕਾਫ਼ੀ ਸਮਾਂ ਲੱਗਦਾ ਸੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਬੇਬੇ ਨਾਨਕੀ ਨਿਵਾਸ ਸਰਾਂ ਵਾਲੇ ਪਾਸਿਓਂ ਅਤੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਾਲਿਓ ਪਾਸਿਓਂ ਪੂਰਾ ਦਿਨ ਹੀ ਸੰਗਤਾਂ ਦੀ ਪੈਦਲ ਆਵਾਜਾਈ ਰਹੀ। ਤੜਕੇ ਤੋਂ ਹੀ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜ ਰਹੀਆਂ ਸਨ।