ਨਵੀਂ ਦਿੱਲੀ,12 ਦਸੰਬਰ (ਨਵਾਂ ਪੰਜਾਬ ਬਿਊਰੋ ) ਕੇਂਦਰ ਸਰਕਾਰ ਨੇ ਅੱਜ ਲੋਕ ਸਭਾ ਵਿੱਚ ‘ਜੰਮੂ ਅਤੇ ਕਸ਼ਮੀਰ ਪੁਨਰਗਠਨ (ਦੂਜਾ ਸੋਧ) ਬਿੱਲ-2023’ ਅਤੇ ‘ਕੇਂਦਰ ਸ਼ਾਸਤ ਸਰਕਾਰ (ਸੋਧ) ਬਿੱਲ-2023’ ਪੇਸ਼ ਕੀਤਾ।
ਦੋਵੇਂ ਬਿਲ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਦਨ ਵਿੱਚ ਪੇਸ਼ ਕੀਤੇ। ‘ਜੰਮੂ ਕਸ਼ਮੀਰ ਪੁਨਰਗਠਨ (ਦੂਜਾ ਸੋਧ) ਬਿੱਲ-2023’ ਰਾਹੀਂ ਰਾਜ ਵਿਧਾਨ ਸਭਾ ਵਿੱਚ ਕੁਝ ਸੀਟਾਂ ਰਾਖਵੀਆਂ ਕਰਨ ਲਈ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ, 2019 ਵਿੱਚ ਸੋਧ ਕਰਨ ਦੀ ਵਿਵਸਥਾ ਹੈ। ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸੌਗਤ ਰਾਏ ਨੇ ਬਿੱਲ ਨੂੰ ਪੇਸ਼ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਤੱਕ ਚੋਣ ਕਮਿਸ਼ਨ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਚੋਣਾਂ ਦਾ ਪ੍ਰੋਗਰਾਮ ਨਹੀਂ ਐਲਾਨਦਾ, ਉਸ ਵੇਲੇ ਤੱਕ ਵਿਧਾਨ ਸਭਾ ਦੀਆਂ ਸੀਟਾਂ ਰਾਖਵੀਆਂ ਕਰਨ ਦੀ ਕਾਹਲੀ ਕਿਉਂ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਕੇਂਦਰ ਸਰਕਾਰ ਨੇ ਤਿੰਨ ਸੀਟਾਂ ਰਾਖਵੀਆਂ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਨੂੰ ਚੋਣਾਂ ਦਾ ਐਲਾਨ ਕਰਨ ਦੇਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ।