ਮੁੱਖ ਮੰਤਰੀ ਮਾਨ ਨੇ ਵਿਧਾਇਕਾਂ ਨੂੰ ਦਿੱਤੀ ਨਸੀਹਤ

ਚੰਡੀਗੜ੍ਹ : 28 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਵਿਧਾਇਕਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਸਦਨ ’ਚ ਆਪਣੀ ਸਰਕਾਰ ਤੇ ਮੰਤਰੀਆਂ ਨੂੰ ਸਵਾਲ ਪੁੱਛ ਕੇ ਘੇਰਨ ਦੀ ਕੋਸ਼ਿਸ਼ ਨਾ ਕਰਨ। ਇਸ ਨਾਲ ਵਿਰੋਧੀ ਧਿਰ ਨੂੰ ਮੌਕਾ ਮਿਲਦਾ ਹੈ ਤੇ ਸਰਕਾਰ ਮੁਸੀਬਤ ’ਚ ਪੈਂਦੀ ਹੈ।

ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਮੰਤਰੀਆਂ ਸਮੇਤ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਇਜਲਾਸ ਸਬੰਧੀ ਚਰਚਾ ਲਈ ਆਪਣੀ ਰਿਹਾਇਸ਼ ’ਤੇ ਚਾਹ ’ਤੇ ਬੁਲਾਇਆ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਨਸੀਹਤ ਦਿੱਤੀ ਕਿ ਉਹ ਅਜਿਹੇ ਸਵਾਲ ਨਾ ਪੁੱਛਣ ਜਿਸ ਨਾਲ ਉਨ੍ਹਾਂ ਦੀ ਆਪਣੀ ਸਰਕਾਰ ਦੇ ਮੰਤਰੀ ਮੁਸੀਬਤ ’ਚ ਪੈ ਸਕਦੇ ਹੋਣ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ’ਚ ਨਹੀਂ ਹਨ। ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਗੱਲ ਕਰ ਕੇ ਮਸਲਾ ਹੱਲ ਕਰਵਾਉਣ। ਉਨ੍ਹਾਂ ਦੇ ਮੁਸ਼ਕਲ ਸਵਾਲਾਂ ਤੇ ਮੰਤਰੀਆਂ ਨੂੰ ਘੇਰਨ ਕਾਰਨ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਇਕਜੁੱਟਤਾ ਦਿਖਾਈ ਦੇਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵਿਧਾਇਕ ‘ਆਪ’ ਟੀਮ ਦੇ ਮੈਂਬਰ ਹਨ। ਸਾਰੇ ਇਕ ਹੀ ਵਰਦੀ ’ਚ ਖੇਡ ਰਹੇ ਹਨ। ਜੇਕਰ ਕੁਝ ਮੰਤਰੀ ਬਣ ਗਏ ਹਨ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਿਰਫ਼ 11 ਲੋਕ ਹੀ ਖੇਡਣਗੇ। ਸਾਰਿਆਂ ਕੋਲ ਇੱਕੋ ਜਿਹੀ ਸ਼ਕਤੀ ਹੈ। ਪ੍ਰਦਰਸ਼ਨ ਦੇ ਆਧਾਰ ’ਤੇ ਟੀਮ ਬਦਲੀ ਜਾ ਸਕਦੀ ਹੈ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਾਫ-ਸੁਥਰੇ ਅਕਸ ਕਾਰਨ ਹੀ ਸੱਤਾ ’ਚ ਆਈ ਹੈ ਤੇ ਇਹੀ ਸਾਡੀ ਤਾਕਤ ਹੈ। ਉਨ੍ਹਾਂ ਵਿਧਾਇਕਾਂ ਨੂੰ ਆਪਣੇ ਆਲੇ ਦੁਆਲੇ ’ਤੇ ਨਜ਼ਰ ਰੱਖਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਨਾ ਚਾਹੁੰਦੇ ਹੋਏ ਵੀ ਤੁਹਾਡੇ ਨਜ਼ਦੀਕੀ ਕੁਝ ਅਜਿਹਾ ਕਰ ਸਕਦੇ ਹਨ ਜਿਸ ਨਾਲ ਨਾ ਸਿਰਫ਼ ਤੁਹਾਡਾ ਅਕਸ ਖ਼ਰਾਬ ਹੋਵੇਗਾ ਸਗੋਂ ਸਰਕਾਰ ਲਈ ਵੀ ਮੁਸੀਬਤ ਬਣ ਜਾਵੇਗੀ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਵੀ ਵਿਧਾਇਕਾਂ ਨੂੰ ਮਸ਼ਵਰਾਂ ਕਰ ਕੇ ਹੀ ਸਵਾਲ ਲਗਾਉਣ ਦੀ ਸਲਾਹ ਦਿੱਤੀ।

ਚਾਹ ਦੀ ਚੁਸਕੀਆਂ ਨਾਲ ਵਿਧਾਇਕ ਹੋਏ ਬਾਗੋਬਾਗ

ਮੁੱਖ ਮੰਤਰੀ ਨਾਲ ਚਾਹ ’ਤੇ ਚਰਚਾ ਕਰ ਕੇ ਵਿਧਾਇਕ ਬਹੁਤ ਖੁਸ਼ ਨਜ਼ਰ ਆਏ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਵਾਰੀ-ਵਾਰੀ ਸਾਰੇ ਵਿਧਾਇਕਾਂ ਦੀ ਸੀਟ ਕੋਲ ਗਏ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਕਈ ਵਿਧਾਇਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪਹਿਲਾਂ ਮਿਲਦੇ ਨਹੀਂ ਸਨ ਤੇ ਅੱਜ ਲੰਬੀ ਚਰਚਾ ਹੋਈ ਹੈ। ਕਈ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਦੀ ਮੰਗ ਰੱਖੀ ਤਾਂ ਅੱਗਿਓ ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕੋਈ ਘਾਟ ਨਹੀਂ, ਤੁਸੀਂ ਪ੍ਰਾਜੈਕਟ ਰਿਪੋਰਟਾਂ ਬਣਾ ਕੇ ਲਿਆਓ। ਇਸ ਤੋਂ ਪਹਿਲਾਂ ਮਾਸਟਰ ਸਲੀਮ ਨੇ ਵਿਧਾਇਕਾਂ ਨੂੰ ਗੀਤ ਵੀ ਸੁਣਾਏ। ਦੱਸਿਆ ਜਾਂਦਾ ਹੈ ਕਿ ਇਸ ਮੀਟਿੰਗ ’ਚ ਸਿੱਖਿਆ ਮੰਤਰੀ ਹਰਜੋਤ ਬੈਂਸ, ਲੋਕ ਭਲਾਈ ਵਿਭਾਗ ਦੇ ਮੰਤਰੀ ਡਾ ਬਲਜੀਤ ਕੌਰ, ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਹਾਜ਼ਰ ਨਹੀਂ ਸਨ।

Leave a Reply

Your email address will not be published. Required fields are marked *