ਅੰਮ੍ਰਿਤਸਰ : ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਆਏ ਨਿਹੰਗ ਤੂਫ਼ਾਨ ਸਿੰਘ ਨੇ ਅੰਮ੍ਰਿਤਸਰ ਵਿਖੇ ਗੋਲਡਨ ਗੇਟ ਨੇੜੇ ਗੋਲ਼ੀਆਂ ਚਲਾਈਆਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਨਾਬਾਲਗ ਨਿਹੰਗ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਪਿਸਤੌਲ ਕਿੱਥੋਂ ਲਿਆ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਾ ਰਹਿਣ ਵਾਲਾ ਨਾਬਾਲਗ ਨਿਹੰਗ ਤੂਫ਼ਾਨ ਸਿੰਘ ਖਿਡੌਣੇ ਵੇਚਣ ਦਾ ਧੰਦਾ ਕਰਦਾ ਹੈ। ਪਹਿਲਾਂ ਉਹ ਹੈਰੀਟੇਜ ਸਟਰੀਟ ਵਿੱਚ ਖਿਡੌਣੇ ਵੇਚਦਾ ਸੀ। ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਆਰਥਿਕ ਮਦਦ ਵੀ ਮਿਲੀ। ਉਹ ਮੋਹਾਲੀ ਬਾਰਡਰ ‘ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਧਰਨੇ ਦੌਰਾਨ ਵੀ ਸੁਰਖੀਆਂ ‘ਚ ਆਇਆ। ਨਿਹੰਗ ਸਿੰਘ ’ਤੇ ਮੁਹਾਲੀ ਪੁਲਸ ’ਤੇ ਹਮਲਾ ਕਰਨ ਦਾ ਵੀ ਇਲਜ਼ਾਮ ਹੈ। ਇਸ ਦੌਰਾਨ ਪੁਲਸ ਨੇ ਕੇਸ ਦਰਜ ਕਰਕੇ ਉਸ ’ਤੇ ਇਨਾਮ ਵੀ ਰੱਖਿਆ ਸੀ। ਹੁਣ ਮੁਲਜ਼ਮ ਨੇ ਗੋਲਡਨ ਗੇਟ ਨੇੜੇ ਪਿਸਤੌਲ ਨਾਲ ਗੋਲ਼ੀ ਚਲਾਉਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਹੈ। ਵੀਡੀਓ ਧਿਆਨ ਵਿੱਚ ਆਉਂਦਿਆਂ ਹੀ ਪੁਲਸ ਨੇ ਮਕਬੂਲਪੁਰਾ ਥਾਣੇ ਵਿੱਚ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।