ਨਿਗਮ ਚੋਣਾਂ ਨੂੰ ਲੈ ਕੇ DC ਨੇ ਮੀਟਿੰਗ ਕਰਕੇ ਲਿਆ ਜਾਇਜ਼ਾ


ਜਲੰਧਰ- ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਪੰਜਾਬ ਵੱਲੋਂ ਨਗਰ ਨਿਗਮ ਚੋਣਾਂ ਲਈ ਵੋਟਰ ਸੂਚੀਆਂ ਲਈ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਜਲੰਧਰ ਨਗਰ ਨਿਗਮ ਚੋਣਾਂ ਨੂੰ ਮੁੱਖ ਤੌਰ ’ਤੇ ਧਿਆਨ ’ਚ ਰੱਖਦੇ ਹੋਏ ਆਪਣੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਡੀ. ਸੀ. ਵਿਸ਼ੇਸ਼ ਸਾਰੰਗਲ ਨੇ ਇਸ ਸਬੰਧੀ ਐਤਵਾਰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ’ਚ ਇਕ ਮੀਟਿੰਗ ਦੌਰਾਨ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਨਗਰ ਨਿਗਮ ਦੇ ਵਾਰਡ ਅਨੁਸਾਰ ਵੋਟਰ ਸੂਚੀਆਂ 1 ਜਨਵਰੀ 2023 ਦੇ ਆਧਾਰ ’ਤੇ ਤਿਆਰ ਕੀਤੀਆਂ ਜਾਣੀਆਂ ਹਨ।
ਉਨ੍ਹਾਂ ਦੱਸਿਆ ਕਿ ਸੂਬਾਈ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦਾ ਡ੍ਰਾਫਟ 21 ਅਕਤੂਬਰ 2023 ਨੂੰ ਕੀਤਾ ਜਾਣਾ ਹੈ, ਜਿਸ ’ਤੇ 31 ਅਕਤੂਬਰ 2023 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਨ੍ਹਾਂ ਦਾਅਵਿਆਂ ਤੇ ਇਤਰਾਜ਼ ਦਾ ਨਿਪਟਾਰਾ 8 ਨਵੰਬਰ 2023 ਤਕ ਕਰਨ ਪਿੱਛੋਂ 10 ਨਵੰਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਸੂਚੀ ਤਿਆਰ ਕਰਨ ਲਈ 15 ਵੋਟਰ ਰਜਿਸਟ੍ਰੇਸ਼ਨ ਅਹੁਦੇਦਾਰ ਅਤੇ 15 ਸਹਾਇਕ ਰਜਿਸਟ੍ਰੇਸ਼ਨ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਨਰਲ ਮੈਨੇਜਰ ਉਦਯੋਗ ਜਲੰਧਰ, ਐੱਸ. ਡੀ. ਐੱਮ. ਜਲੰਧਰ-1 ਤੇ 2, ਸਕੱਤਰ ਆਰ. ਟੀ. ਏ., ਏ. ਸੀ. ਏ. ਪੁੱਡਾ, ਡਿਪਟੀ ਕਮਿਸ਼ਨਰ ਸੂਬਾਈ ਟੈਕਸ (ਆਬਕਾਰੀ) ਜਲੰਧਰ, ਐਕਸ. ਈ. ਐੱਨ. ਜਲ ਸਪਲਾਈ ਅਤੇ ਸੀਵਰੇਜ ਬੋਰਡ ਜਲੰਧਰ-1 ਜ਼ਿਲ੍ਹਾ ਮਾਲੀਆ ਅਧਿਕਾਰੀ, ਡਿਪਟੀ ਡਾਇਰੈਕਟਰ ਭੂਮੀ ਰਿਕਾਰਡ, ਉੱਪ-ਰਜਿਸਟਰਾਰ ਸਹਿਕਾਰੀ ਕਮੇਟੀਆਂ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ, ਜ਼ਿਲ੍ਹਾ ਨਗਰ ਯੋਜਨਾਕਾਰ, ਐੱਕਸ. ਈ. ਐੱਨ. ਜਲ ਸਪਲਾਈ ਅਤੇ ਸਵੱਛਤਾ ਜਲੰਧਰ-1 ਤੇ 2 ਅਤੇ ਸਹਾਇਕ ਆਬਕਾਰੀ ਕਮਿਸ਼ਨ ਸੂਬਾ ਟੈਕਸ ਆਡਿਟ-1 ਜਲੰਧਰ ਨੂੰ ਚੁਣੇ ਹੋਏ ਰਜਿਸਟ੍ਰੇਸ਼ਨ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਡਿਪਟੀ ਡਾਇਰੈਕਟਰ ਫੈਕਟਰੀ ਜਲੰਧਰ-1, ਤਹਿਸੀਲਦਾਰ ਜਲੰਧਰ-1 ਅਤੇ 2, ਜੀ. ਐੱਮ. ਪੰਜਾਬ ਰੋਡਵੇਜ਼ ਜਲੰਧਰ-2, ਅਸਟੇਟ ਅਧਿਕਾਰੀ ਪੁੱਡਾ, ਸਹਾਇਕ ਕਰਾਧਾਨ ਕਮਿਸ਼ਨ ਜਲੰਧਰ 1, ਐੱਸ. ਡੀ. ਓ. ਜਲ ਸਪਲਾਈ ਅਤੇ ਸੀਵਰੇਜ ਬੋਰਡ ਜਲੰਧਰ-1, ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ), ਕਾਰਜਕਾਰੀ ਇੰਜੀ. ਪੰਜਾਬ ਮੰਡੀ ਬੋਰਡ, ਸਹਾਇਕ ਰਜਿਸਟਰਾਰ ਸਹਿਕਾਰੀ ਕਮੇਟੀਆਂ ਜਲੰਧਰ-1, ਸਹਾਇਕ ਕਿਰਤ ਕਮਿਸ਼ਨਰ, ਸਹਾਇਕ ਨਗਰ ਯੋਜਨਾਕਾਰ, ਐੱਸ. ਡੀ. ਓ. ਜਲ ਸਪਲਾਈ ਅਤੇ ਸਵੱਛਤਾ ਜਲੰਧਰ-1 ਅਤੇ 2 ਅਤੇ ਸਹਾਇਕ ਆਬਕਾਰੀ ਕਮਿਸ਼ਨ ਸੂਬਾ ਟੈਕਸ ਆਡਿਟ-2 ਨੂੰ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਵਧੀਕ ਕਮਿਸ਼ਨਰ (ਦਿਹਾਤੀ ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਸਮੂਹ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਅਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *