ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਪੱਸ਼ਟ ਸੰਕੇਤ ਦਿੱਤਾ ਕਿ ਪਾਰਟੀ ਰਾਜਸਥਾਨ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਨਹੀਂ ਕਰੇਗੀ। ਪ੍ਰਧਾਨ ਮੰਤਰੀ ਨੇ ‘ਕਮਲ’ ਚਿੰਨ੍ਹ ਨੂੰ ਪਾਰਟੀ ਦੀ ਉਮੀਦ ਅਤੇ ਉਮੀਦਵਾਰ ਦੱਸਿਆ। ਉਨ੍ਹਾਂ ਨੇ ਇਹ ਗੱਲ ਚਿਤੌੜਗੜ੍ਹ ਵਿਚ ਪਾਰਟੀ ਦੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਆਖੀ। ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਸੂਬੇ ਦੇ ਸਾਰੇ ਨੇਤਾਵਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੂਬੇ ‘ਚ ਇਸ ਸਾਲ ਦੇ ਅਖ਼ੀਰ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਆਪਣੇ ਸੰਬੋਧਨ ਦੇ ਅਖ਼ੀਰ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ ‘ਚ ਸਾਡਾ ਇਕ ਹੀ ਚਿਹਰਾ ਹੈ ਅਤੇ ਉਹ ਹੈ ‘ਕਮਲ’। ਇਸ ਕਮਲ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਹੈ। ਇਸ ਕਮਲ ਦੀ ਅਗਵਾਈ ਵਿਚ ਅਸੀਂ ਰਾਜਸਥਾਨ ਦੀ ਕਿਸਮਤ ਨੂੰ ਵੀ ਤੇਜ਼ ਰਫ਼ਤਾਰ ਨਾਲ ਅੱਗੇ ਲੈ ਜਾਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਉਮੀਦ ਕਮਲ ਹੈ, ਸਾਡਾ ਉਮੀਦਵਾਰ ਕਮਲ ਹੈ। ਸਾਡਾ ਕਮਲ ਖਿੜੇਗਾ, ਅਸੀਂ ਭਾਜਪਾ ਨੂੰ ਜਿੱਤ ਦਿਵਾਵਾਂਗੇ, ਇਸ ਟੀਚੇ ਨਾਲ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਹੈ। ਪ੍ਰਧਾਨ ਮੰਤਰੀ ਦੇ ਨਾਲ ਮੰਚ ‘ਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਵਿਰੋਧੀ ਧਿਰ ਦੇ ਨੇਤਾ ਸ. ਰਾਜਿੰਦਰ ਰਾਠੌਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੀ.ਪੀ.ਜੋਸ਼ੀ ਅਤੇ ਹੋਰ ਆਗੂ ਹਾਜ਼ਰ ਸਨ।