ਜਲੰਧਰ – ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਟ੍ਰੇਨਾਂ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਕਾਰਨ ਸਵਾਰੀਆਂ ਨੂੰ ਬੱਸਾਂ ਵਿਚ ਸਫ਼ਰ ਕਰਨਾ ਪੈ ਰਿਹਾ ਹੈ। ਸਵਾਰੀਆਂ ਦੀ ਭੀੜ ਕਾਰਨ ਬੱਸਾਂ ਵਿਚ ਖੜ੍ਹੇ ਹੋਣ ਲਈ ਵੀ ਜਗ੍ਹਾ ਨਹੀਂ ਮਿਲ ਰਹੀ, ਜਿਸ ਕਰ ਕੇ ਲੋਕਾਂ ਨੂੰ ਦੂਜੀਆਂ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਹੈ। ਭਾਰੀ ਭੀੜ ਨਾਲ ਵਿਭਾਗ ਦੀ ਆਮਦਨ ਵਿਚ ਅਚਾਨਕ ਵਾਧਾ ਹੋਇਆ ਨਜ਼ਰ ਆਇਆ ਹੈ ਪਰ ਸਰਕਾਰੀ ਬੱਸਾਂ ਘੱਟ ਚੱਲਣ ਕਾਰਨ ਵਿਭਾਗੀ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ ਅਤੇ ‘ਸ਼ੀਸ਼ਾ’ ਦਿਖਾਉਣ ਦਾ ਕੰਮ ਕੀਤਾ ਹੈ। ਅੱਜ ਜਲੰਧਰ ਦੇ ਵੱਖ-ਵੱਖ ਚੌਕਾਂ ਵਿਚ ਬੱਸਾਂ ਦੀ ਉਡੀਕ ਕਰਨ ਵਾਲੀਆਂ ਸਵਾਰੀਆਂ ਨੂੰ ਪ੍ਰਾਈਵੇਟ ਬੱਸਾਂ ’ਤੇ ਨਿਰਭਰ ਹੋਣਾ ਪਿਆ। ਦੇਖਣ ‘ਚ ਆਇਆ ਹੈ ਕਿ ਲੋਕ ਬੱਸਾਂ ਦੀਆਂ ਛੱਤਾਂ ’ਤੇ ਬੈਠ ਕੇ ਸਫ਼ਰ ਕਰਨ ਨੂੰ ਮਜਬੂਰ ਹੋਏ। ਸਰਕਾਰੀ ਬੱਸਾਂ ਦੀ ਭਾਰੀ ਘਾਟ ਕਾਰਨ ਸਵਾਰੀਆਂ ਨੂੰ ਕਈ ਰੂਟਾਂ ਦੀਆਂ ਬੱਸਾਂ ਬਦਲ ਕੇ ਸਫਰ ਕਰਨਾ ਪਿਆ। ਸਰਕਾਰੀ ਟਰਾਂਸਪੋਰਟ ਦਾ ਆਲਮ ਇਹ ਹੈ ਕਿ ਸਟਾਫ ਦੀ ਘਾਟ ਸਮੇਤ ਵੱਖ-ਵੱਖ ਕਾਰਨਾਂ ਕਰ ਕੇ 500 ਤੋਂ ਵੱਧ ਬੱਸਾਂ ਡਿਪੂਆਂ ਵਿਚ ਧੂੜ ਫੱਕ ਰਹੀਆਂ ਹਨ ਪਰ ਇਨ੍ਹਾਂ ਖੜ੍ਹੀਆਂ ਬੱਸਾਂ ਨੂੰ ਰੂਟਾਂ ’ਤੇ ਚਲਾਉਣ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਇਸ ਸਮੇਂ ਟ੍ਰੇਨਾਂ ਪ੍ਰਭਾਵਿਤ ਹੋਣ ਕਾਰਨ ਸਵਾਰੀਆਂ ਦੀ ਭੀੜ ਕਈ ਗੁਣਾ ਵਧੀ ਹੋਈ ਹੈ ਪਰ ਰੁਟੀਨ ਦੇ ਦਿਨਾਂ ਵਿਚ ਵੀ ਸਵਾਰੀਆਂ ਨੂੰ ਸਰਕਾਰੀ ਬੱਸਾਂ ਲਈ ਬਹੁਤ ਮੁਸ਼ੱਕਤ ਕਰਨੀ ਪੈ ਰਹੀ ਹੈ।
ਕਾਊਂਟਰਾਂ ’ਤੇ ਸਰਕਾਰੀ ਬੱਸਾਂ ਦੀ ਘਾਟ ਕਾਰਨ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਪੂਰੀ ਸਹੂਲਤ ਨਹੀਂ ਮਿਲ ਪਾ ਰਹੀ। ਹੁਣ ਟ੍ਰੇਨਾਂ ਦੇ ਪ੍ਰਭਾਵਿਤ ਹੋਣ ਨਾਲ ਬੱਸਾਂ ਦੀ ਭਾਰੀ ਘਾਟ ਸਾਹਮਣੇ ਆ ਰਹੀ ਹੈ। ਵਿਭਾਗੀ ਅਧਿਕਾਰੀ ਬੱਸਾਂ ਨੂੰ ਚਲਾਉਣ ਸਬੰਧੀ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਸਰਕਾਰੀ ਟਰਾਂਸਪੋਰਟ ਨੂੰ ਲੈ ਕੇ ਪਬਲਿਕ ਦੀ ਪ੍ਰੇਸ਼ਾਨੀ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਕਾਰਨ ਸਵਾਰੀਆਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ।