ਚੰਡੀਗੜ੍ਹ/ਜਲੰਧਰ/ਫਿਰੋਜ਼ਪੁਰ – ਰੇਲ ਰੋਕੋ ਅੰਦੋਲਨ ਦੇ ਤਹਿਤ ਕਿਸਾਨਾਂ ਵੱਲੋਂ ਲਗਭਗ 20 ਥਾਵਾਂ ’ਤੇ ਰੇਲਵੇ ਟਰੈਕ ਜਾਮ ਕੀਤਾ ਗਿਆ। ਜਿਸ ਕਾਰਨ ਦੂਜੇ ਦਿਨ ਵੀ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਕਿਸਾਨਾਂ ਦਾ ਇਹ ਅੰਦੋਲਨ 30 ਸਤੰਬਰ ਤੱਕ ਜਾਰੀ ਰਹੇਗਾ। ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡੀ. ਆਰ. ਐੱਮ. ਸੰਜੇ ਸਾਹੂ ਨੇ ਦੱਸਿਆ ਕਿ ਇਸ ਦੌਰਾਨ ਕੁੱਲ 381 ਯਾਤਰੀ ਟਰੇਨਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ’ਚ 227 ਟਰੇਨਾਂ ਨੂੰ ਰੱਦ, 73 ਟਰੇਨਾਂ ਨੂੰ ਸ਼ਾਰਟ ਟਰਮੀਨੇਟ, 31 ਟਰੇਨਾਂ ਨੂੰ ਸ਼ਾਰਟ ਓਰਿਜੀਨੇਟ ਅਤੇ 50 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ। ਇਸ ਤੋਂ ਇਲਾਵਾ ਬਿਆਸ ਸਟੇਸ਼ਨ ਤੋਂ ਉਤਰਾਖੰਡ ਦੇ ਰੁਦਰਪੁਰ ਲਈ 29 ਅਤੇ 30 ਸਤੰਬਰ ਨੂੰ ਚੱਲਣ ਵਾਲੀਆਂ ਸਪੈਸ਼ਲ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਟਰੇਨਾਂ ’ਚ ਰਾਧਾ ਸੁਆਮੀ ਬਿਆਸ ਡੇਰੇ ਦੇ ਲਗਭਗ 3000 ਸੇਵਾਦਾਰਾਂ ਨੇ ਰੁਦਰਪੁਰ ਜਾਣਾ ਸੀ, ਜਿਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੁਣ ਉਪਰੋਕਤ ਦੋਵੇਂ ਟਰੇਨਾਂ 1 ਅਕਤੂਬਰ ਨੂੰ ਸਵੇਰੇ ਬਿਆਸ ਤੋਂ ਚੱਲਣਗੀਆਂ। ਇਨ੍ਹਾਂ ਟਰੇਨਾਂ ਦਾ ਸ਼ਡਿਊਲ ਸ਼ਨੀਵਾਰ ਸ਼ਾਮ ਤੱਕ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਪੰਜਾਬ ’ਚ 3 ਦਿਨਾਂ ਲਈ 20 ਥਾਵਾਂ ’ਤੇ ਰੇਲ ਰੋਕੋ ਅੰਦੋਲਨ ਦੌਰਾਨ ਹੀ ਅੰਦੋਲਨ ਦੀ ਅਗਲੀ ਰਣਨੀਤੀ ਅਤੇ ਸਥਿਤੀ ਨੂੰ ਲੈ ਕੇ ਉੱਤਰ ਭਾਰਤ ਦੇ 6 ਸੂਬਿਆਂ ਦੀਆਂ 18 ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਸਬੰਧੀ ਬੈਠਕ ਚੰਡੀਗੜ੍ਹ ਦੇ ਕਿਸਾਨ ਭਵਨ ’ਚ ਹੋਈ। ਬੈਠਕ ’ਚ ਗੁਰਧਿਆਨ ਸਿੰਘ ਸਿਓਣਾ (ਬੀ. ਕੇ. ਯੂ. ਭਟੇੜੀ ਕਲਾਂ) ਦੀ ਪ੍ਰਧਾਨਗੀ ਹੇਠ ਹੋਈ।
ਦਿਲਬਾਗ ਸਿੰਘ ਹਰੀਗੜ੍ਹ, ਸੁਰੇਸ਼ ਕੌਠ, ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਰੋਸ ਵਜੋਂ ਕਿਸਾਨੀ ਦੁਸਹਿਰਾ 23 ਅਤੇ 24 ਅਕਤੂਬਰ ਨੂੰ ਮਨਾਇਆ ਜਾਵੇਗਾ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ।
ਅੱਜ ਅੰਬਾਲਾ ’ਚ ਵੀ ਲੱਗੇਗਾ ਕਿਸਾਨਾਂ ਦਾ ‘ਰੇਲ ਰੋਕੋ ਮੋਰਚਾ’
ਉਨ੍ਹਾਂ ਕਿਹਾ ਕਿ 30 ਸਤੰਬਰ ਨੂੰ ਹਰਿਆਣਾ ਦੇ ਅੰਬਾਲਾ ’ਚ ਰੇਲ ਜਾਮ ਕਰਕੇ ਅੰਦੋਲਨ ਨੂੰ ਹੋਰ ਵਿਸ਼ਾਲ ਬਣਾਇਆ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ, ਜਗਤਾਰ ਸਿੰਘ, ਤੇਜਬੀਰ ਸਿੰਘ, ਦੇਸਰਾਜ ਮੌਦਗਿਲ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।