ਪੰਜਾਬ ਕਾਂਗਰਸ ‘ਚ ਟਕਰਾਅ ਦੀ ਸਥਿਤੀ, ਰਵਨੀਤ ਬਿੱਟੂ ਦੀ ਚੁਣੌਤੀ ਮਗਰੋਂ ਪ੍ਰਤਾਪ ਬਾਜਵਾ ਦਾ ਠੋਕਵਾਂ ਜਵਾਬ


ਲੁਧਿਆਣਾ : ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਕੇ ਲੋਕ ਸਭਾ ਚੋਣਾਂ ਲੜਨ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਅੰਦਰ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਚੁਣੌਤੀ ਮਗਰੋਂ ਜਿੱਥੇ ਪਹਿਲਾਂ ਸਾਬਕਾ ਕਾਂਗਰਸ ਯੂਥ ਪ੍ਰਧਾਨ ਬਰਿੰਦਰ ਢਿਲੋਂ ਨੇ ਬਿੱਟੂ ‘ਤੇ ਸਵਾਲ ਚੁੱਕੇ ਸਨ ਉਥੇ ਹੀ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਜਿਸ ਨੂੰ ਜ਼ਿਆਦਾ ਕਾਹਲੀ ਹੈ ਉਹ ਆਮ ਆਦਮੀ ਪਾਰਟੀ ਕੋਲੋਂ ਟਿਕਟ ਲੈ ਲਵੇ।

ਪ੍ਰਤਾਪ ਬਾਜਵਾ ਨੇ ਕਿਹਾ ਕਿ ਹਾਈਕਮਾਂਡ ਨੇ ਸਾਡੇ ਕੋਲੋਂ ਰਿਪੋਰਟ ਲੈਣੀ ਹੈ ਕਿ ਸੂਬੇ ਵਿੱਚ ‘ਆਪ’ ਨਾਲ ਗੱਠਜੋੜ ਕੀਤਾ ਜਾਵੇ ਜਾਂ ਨਾ। ਬਾਜਵਾ ਨੇ ਕਿਹਾ ਕਿ ਸੂਬਾ ਕਾਂਗਰਸ ਗੱਠਜੋੜ ਦੇ ਪੱਖ ਵਿੱਚ ਨਹੀਂ ਹੈ ਪਰ ਕਈ ਜਣੇ ਗੱਠਜੋੜ ਕਰਨ ਲਈ ਬੜੇ ਕਾਹਲੇ ਹਨ। ਮੇਰੀ ਬੇਨਤੀ ਹੈ ਕਿ ਸਾਡੇ ਸਮਝੌਤੇ ਦਾ ਤਾਂ ਫ਼ਿਲਹਾਲ ਪਤਾ ਨਹੀਂ ਹੋਵੇ ਜਾਂ ਨਾ ਹੋਵੇ ਪਰ ਜਿਹੜੇ ਬਾਹਲੇ ਕਾਹਲੇ ਨੇ ਉਹ ‘ਆਪ’ ਵਾਲਿਆਂ ਤੋਂ ਜਾ ਕੇ ਟਿਕਟ ਲੈ ਲੈਣ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਰਾਸ਼ਟਰੀ ਪੱਧਰ ‘ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਗੱਠਜੋੜ ਹੋ ਚੁੱਕਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਗੱਠਜੋੜ ਦਾ ਵਿਰੋਧ ਕਰਕੇ ਕਾਂਗਰਸ ਦੇ ਵਰਕਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਰਵਨੀਤ ਬਿੱਟੂ ਨੇ ਕਿਹਾ ਸੀ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਖੜਗੇ ਸਾਬ੍ਹ ਗੱਠਜੋੜ ਦੇ ਹੱਕ ਵਿੱਚ ਹਨ ਤਾਂ ਫਿਰ ਸੂਬਾ ਲੀਡਰਸ਼ਿਪ ਵਿਰੋਧ ਕਿਵੇਂ ਕਰ ਸਕਦੀ ਹੈ। ਜੇਕਰ ਸੂਬਾ ਲੀਡਰਸ਼ਿਪ ਨੂੰ ਇਹ ਗੱਠਜੋੜ ਮਨਜ਼ੂਰ ਨਹੀਂ ਤਾਂ ਪਾਰਟੀ ਹਾਈਕਮਾਨ ਨੂੰ ਲਿਖ ਕੇ ਦੇ ਦੇਣ ਕੇ ਅਸੀਂ ਆਪਣੇ ਅਹੁਦਿਆਂ ‘ਤੇ ਨਹੀਂ ਰਹਿ ਸਕਦੇ। ਬਿੱਟੂ ਦੀ ਇਸ ਚੁਣੌਤੀ ਮਗਰੋਂ ਹੁਣ ਪ੍ਰਤਾਪ ਬਾਜਵਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕੇ ਜੇਕਰ ਉਨ੍ਹਾਂ ਨੂੰ ਜ਼ਿਆਦਾ ਕਾਹਲੀ ਹੈ ਤਾਂ ਉਹ ਆਮ ਆਦਮੀ ਪਾਰਟੀ ਵੱਲੋਂ ਜਾ ਕੇ ਟਿਕਟ ਲੈ ਲੈਣ।

ਇਥੇ ਇਹ ਵੀ ਜ਼ਿਕਰਯੋਗ ਹੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਦੇਸ਼ ਹਿੱਤ ਲਈ ਮਿਲ ਕੇ ਲੋਕ ਸਭਾ ਚੋਣਾਂ ਲੜਨ ਦੀ ਹਿਮਾਇਤ ਕੀਤੀ ਹੈ। ਸਿੱਧੂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਪਾਰਟੀ ਹਾਈਕਮਾਂਡ ਦਾ ਫ਼ੈਸਲਾ ਸਰਵਉੱਚ ਹੈ। ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉਪਰ ਰੱਖਿਆ ਜਾਣਾ ਚਾਹੀਦਾ ਹੈ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ, ਅਗਲੀਆਂ ਪੀੜ੍ਹੀਆਂ ਲਈ ਲੜੀਆਂ ਜਾਂਦੀਆਂ ਹਨ। ਸਾਡੀ ਜਮਹੂਰੀਅਤ ਦੀ ਰਾਖੀ ਲਈ ਸਵਾਰਥਾਂ ਨਾਲ ਭਰੀ ਸਿਆਸਤ ਨੂੰ ਤਿਆਗ ਦੇਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ’ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਟੱਕਰ ਦੇਣ ਲਈ ਦੇਸ਼ ਦੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਵੱਲੋਂ ਇਕ ਗੱਠਜੋੜ ਬਣਾਇਆ ਗਿਆ ਹੈ, ਜਿਸ ਦਾ ਨਾਂ ‘ ਮਹਾ-ਗੱਠਜੋੜ ਇੰਡੀਆ’ ਰੱਖਿਆ ਗਿਆ ਹੈ | ਇਸ ਵਿਚ ਸ਼ਾਮਲ ਪ੍ਰਮੁੱਖ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ 3 ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਇਸ ਗੱਠਜੋੜ ਲਈ ਸਹਿਮਤ ਹੋ ਗਏ ਹਨ, ਜਦਕਿ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਸੂਬਾ ਕਾਂਗਰਸ ਦੀ ਲੀਡਰਸ਼ਿਪ ਨੇ ਹਾਈਕਮਾਂਡ ਦੇ ਸਾਹਮਣੇ ਸੂਬੇ ’ਚ ਇਕੱਲਿਆਂ ਹੀ ਚੋਣਾਂ ਲੜਨ ਦਾ ਮੁੱਦਾ ਚੱਕਿਆ ਹੈ। ਰਵਨੀਤ ਬਿੱਟੂ ਦੇ ਇਸ ਬਿਆਨ ਮਗਰੋਂ ਪ੍ਰਤਾਪ ਬਾਜਵਾ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਜਿਹੜੇ ਬਾਹਲੇ ਓਦਰੇ ਪਏ ਹਨ ਉਹ ਆਮ ਆਦਮੀ ਪਾਰਟੀ ਵੱਲੋਂ ਟਿਕਟ ਲੈ ਲੈਣ।

ਇਸੇ ਤਰ੍ਹਾਂ ਬੀਤੇ ਦਿਨ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਹੈ। ਇਸ ਗੱਠਜੋੜ ਦੀਆਂ ਖ਼ਬਰਾਂ ਦਰਮਿਆਨ ਇਕੱਲਿਆਂ ਹੀ ਚੋਣ ਲੜਨ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਗੱਠਜੋੜ ਨੂੰ ਲੈ ਕੇ ਪੰਜਾਬ ’ਚ ਦੋਵਾਂ ਪਾਰਟੀਆਂ ਦੇ ਆਗੂ ਤੇ ਵਰਕਰ ਪੂਰੀ ਤਰ੍ਹਾਂ ਦੁਚਿੱਤੀ ’ਚ ਨਜ਼ਰ ਆ ਰਹੇ ਹਨ ਕਿ ਆਉਣ ਵਾਲੀਆਂ ਚੋਣਾਂ ’ਚ ਕੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਜੇਕਰ ਗੱਠਜੋੜ ਹੁੰਦਾ ਹੈ ਤਾਂ ਪੰਜਾਬ ਦੀ ਸੱਤਾ ’ਤੇ ਅਸਰ ਪਵੇਗਾ। ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਇਕ-ਦੂਜੇ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ, ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਗੱਠਜੋੜ ਕਾਮਯਾਬ ਹੁੰਦਾ ਹੈ ਜਾਂ ਨਹੀਂ।

Leave a Reply

Your email address will not be published. Required fields are marked *