ਚੰਡੀਗੜ੍ਹ, 15 ਦਸੰਬਰ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕੱਲ ਆਪਣੀਆਂ “ਗਲਤੀਆਂ” ਦੀ ਮੁਆਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦਾ ਬਜਰ ਗੁਨਾਹ ਕੀਤਾ ਹੈ ਜਿਸ ਲਈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸੱਦ ਕੇ ਤਨਖ਼ਾਹ ਲਾਈ ਜਾਣੀ ਚਾਹੀਦੀ ਹੈ।
ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗੀ ਸਗੋਂ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਚ ਰੱਖੇ ਗਏ ਇਕ ਪਾਰਟੀ ਸਮਾਗਮ ਵਿਚ ਮੁਆਫ਼ੀ ਮੰਗਣ ਦਾ ਨਾਟਕ ਕੀਤਾ ਹੈ। ਉਹਨਾਂ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਨੇ ਸੱਚੇ ਦਿਲੋਂ ਮੁਆਫ਼ੀ ਮੰਗਣੀ ਹੁੰਦੀ ਤਾਂ ਉਹ ਪੰਥਕ ਪ੍ਰੰਪਰਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਜ ਪਿਆਰਿਆਂ ਅੱਗੇ ਪੇਸ਼ ਹੁੰਦੇ ਅਤੇ ਆਪਣੇ ਗੁਨਾਹਾਂ ਨੂੰ ਕਬੂਲ ਕੇ ਖਿਮਾ ਮੰਗਦੇ। ਉਹਨਾਂ ਕਿਹਾ ਕਿ ਫ਼ਿਰ ਉਹ ਪੰਜ ਪਿਆਰਿਆਂ ਵਲੋਂ ਲਾਈ ਗਈ ਤਨਖ਼ਾਹ ਪੂਰੀ ਕਰਨ ਤੋਂ ਬਾਅਦ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਖਿਮਾਯਾਚਨਾ ਦੀ ਅਰਦਾਸ ਕਰਦੇ।
ਕਾਂਗਰਸੀ ਆਗੂ ਨੇ ਕਿਹਾ, “ਸੁਖਬੀਰ ਸਿੰਘ ਬਾਦਲ ਦੀ ਬਦਨੀਅਤ ਇਸ ਗੱਲ ਤੋਂ ਹੀ ਸਾਫ਼ ਝਲਕਦੀ ਹੈ ਕਿ ਉਸ ਨੇ ਮੁਆਫੀ ਮੰਗਣ ਦੀ ਥਾਂ ਇਹ ਕਹਿ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵਿਰੋਧੀ ਪਾਰਟੀਆਂ ਦੇ ਦਬਾਅ ਕਾਰਨ ਉਹਨਾਂ ਨੂੰ ਇਸ ਬੇਅਦਬੀ ਅਤੇ ਪੁਲੀਸ ਵਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ ਦੀ ਜਾਂਚ ਸੀ.ਬੀ.ਆਈ. ਨੂੰ ਦੇਣੀ ਪਈ। ਆਪਣੇ ਆਪ ਨੂੰ ਗੁਨਾਹ ਮੁਕਤ ਕਰਨ ਲਈ ਉਸ ਨੇ ਇਹ ਵੀ ਕਿਹਾ ਉਹਨਾਂ ਦੀ ਸਰਕਾਰ ਨੂੰ ਦੋਸ਼ੀ ਲੱਭ ਕੇ ਸਜ਼ਾਵਾਂ ਦੇਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਜਦੋਂ ਹੁਣ ਮੌਕਾ ਮਿਲਿਆ ਤਾਂ ਉਹ ਅਸਲੀ ਦੋਸ਼ੀਆਂ ਨੂੰ ਸਾਜ਼ਾਵਾਂ ਦੇਣਗੇ।”
ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਭੁੱਲ ਜਾਵੇ ਕਿ ਪੰਜਾਬ ਦੇ ਅਣਖੀ ਤੇ ਗੈਰਤਮੰਦ ਲੋਕ ਉਸ ਨੂੰ ਹੁਣ ਕਦੇ ਰਾਜ ਸੱਤਾ ਸੌਂਪ ਦੇਣਗੇ ਕਿਉਂਕਿ ਉਸ ਨੇ ਸੱਤਾ ਦੇ ਨਸ਼ੇ ਵਿਚ ਗੁਨਾਹ ਹੀ ਐਨੇ ਕੀਤੇ ਹਨ ਕਿ ਉਸ ਨੂੰ ਮੁਆਫ਼ ਕੀਤਾ ਹੀ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਬਲਬੂਤੇ ਸਿੱਖ ਪੰਥ ਦੇ “ਸ਼ਬਦ ਗੁਰੂ” ਦੇ ਵਿਲੱਖਣ ਸਿਧਾਂਤ ਨੂੰ ਖੋਰਾ ਲਾਉਣ ਵਾਲੇ “ਡੇਰਾ ਸੱਚਾ ਸੌਦਾ” ਦੇ ਡੇਰੇਦਾਰ ਰਾਮ ਰਹੀਮ ਨਾਲ ਗੰਢ-ਤੁੱਪ ਕੀਤੀ ਤਾਂ ਕਿ ਉਹਨਾਂ ਦੀਆਂ ਵੋਟਾਂ ਹਾਸਲ ਕਰ ਕੇ ਹਰਸਿਮਰਤ ਕੌਰ ਬਾਦਲ ਨੂੰ ਚੋਣ ਜਿਤਾਈ ਜਾ ਸਕੇ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਰਾਮ ਰਹੀਮ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਕੇਸ ਵਾਪਸ ਲੈਣ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ ਰਾਮ ਰਹੀਮ ਨੂੰ ਮੁਆਫ਼ ਦਵਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰਾਉਣ ਵਿਚ ਭਾਗੀਦਾਰ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦੀ ਸਰਕਾਰੀ ਮੱਦਦ ਦੇਣ ਵਰਗੇ ਅਜਿਹੇ ਗੁਨਾਹ ਕੀਤੇ ਹਨ ਇੰਨਾਂ ਨੂੰ ਕਿਹੜਾ ਪੰਜਾਬੀ ਮੁਆਫ਼ ਕਰ ਦੇਵੇਗਾ? ਉਹਨਾਂ ਪੱਛਿਆ ਕਿ ਸੁਖਬੀਰ ਸਿੰਘ ਬਾਦਲ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁਧ ਰੋਸ ਪ੍ਰਗਟ ਕਰ ਰਹੀਆਂ ਸੰਗਤਾਂ ਉਤੇ ਗੋਲੀ ਚਲਾ ਕੇ ਦੋ ਵਿਅਕਤੀਆਂ ਦੀ ਕੀਤੀ ਗਈ ਹੱਤਿਆ, ਗੋਲੀ ਚਲਾਉਣ ਵਾਲੇ ਪੁਲੀਸ ਅਧਿਕਾਰੀਆਂ ਦੀ ਪੁਸ਼ਤਪਨਾਹੀ ਅਤੇ ਬਰਗਾੜੀ ਮੋਰਚੇ ਵਿੱਚ ਇਨਸਾਫ਼ ਲੈਣ ਲਈ ਧਰਨਾ ਦੇ ਰਹੀਆਂ ਸੰਗਤਾਂ ਨੂੰ ਅੱਤਵਾਦੀ, ਨਕਸਲਵਾਦੀ ਅਤੇ ਦੇਸ਼ ਵਿਰੋਧੀ ਦੱਸਣ ਦੇ ਆਪਣੇ ਕਾਲੇ ਕਾਰਨਾਮਿਆਂ ਦਾ ਕੀ ਜਵਾਬ ਹੈ।
ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਨਾਟਕ ਸਿਰਫ਼ ਤੇ ਸਿਰਫ਼ ਇਸ ਲਈ ਰਚਿਆ ਹੈ ਤਾਂ ਕਿ ਭਾਰਤੀ ਜਨਤਾ ਪਾਰਟੀ ਨਾਲ ਮੁੜ ਸਿਆਸੀ ਗਠਜੋੜ ਕਰ ਕੇ ਆਪਣੇ ਸੌੜੇ ਰਾਜਸੀ ਹਿੱਤ ਅਤੇ ਨਿੱਜੀ ਗਰਜ਼ਾਂ ਪੁਰੀਆਂ ਕੀਤੀਆ ਜਾ ਸਕਣ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਨਾ ਤਾਂ ਭਾਜਪਾ ਨੂੰ ਅਤੇ ਨਾ ਹੀ ਉਸ ਦੇ ਕੰਧੇੜਿਆਂ ਉਤੇ ਚੜ੍ਹ ਕੇ ਆੳਣ ਵਾਲੇ ਅਕਾਲੀਆਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਉਹਨਾਂ ਨੂੰ ਕਿਸਾਨੀ ਵਿਰੋਧੀ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਤੀਆਂ ਸ਼ਹੀਦੀਆਂ ਨਹੀਂ ਭੁੱਲੀਆਂ।