ਮੁੰਬਈ- ਮੁੰਬਈ ਦੇ ਕੁਰਲਾ ਇਲਾਕੇ ਵਿਚ 12 ਮੰਜ਼ਿਲਾਂ ਇਕ ਰਿਹਾਇਸ਼ੀ ਇਮਾਰਤ ‘ਚ ਸ਼ੁੱਕਰਵਾਰ ਰਾਤ ਅੱਗ ਲੱਗ ਗਈ, ਜਿਸ ਤੋਂ ਬਾਅਦ ਉਸ ‘ਚ ਰਹਿਣ ਵਾਲੇ 60 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ 12 ਵਜ ਕੇ 10 ਮਿੰਟ ‘ਤੇ ਝੁੱਗੀ-ਝੌਂਪੜੀ ਮੁੜ ਵਸੇਬਾ ਅਥਾਰਟੀ (SRA) ਦੀ ਇਮਾਰਤ ਨੰਬਰ-7 ‘ਚ ਵਾਪਰੀ। ਇਹ ਇਮਾਰਤ ਕੋਹੀਨੂਰ ਹਸਪਤਾਲ ਦੇ ਠੀਕ ਸਾਹਮਣੇ ਹੈ।
ਅਧਿਕਾਰੀ ਮੁਤਾਬਕ ਇਮਾਰਤ ਤੋਂ ਸੁਰੱਖਿਅਤ ਕੱਢੇ ਗਏ 60 ਲੋਕਾਂ ‘ਚੋਂ 39 ਨੂੰ ਸਾਹ ਘੁੱਟਣ ਦੀ ਸ਼ਿਕਾਇਤ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੇਰ ਰਾਤ ਲੱਗੀ। ਇਸ ਸਬੰਧ ਵਿਚ ਜਾਣਕਾਰੀ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ, ਕਈ ਵੱਡੇ ਟੈਂਕਰ ਅਤੇ ਹੋਰ ਸਾਜ਼ੋ-ਸਾਮਾਨ ਨਾਲ ਫਾਇਰ ਬ੍ਰਿਗੇਡ ਕਰਮੀਆਂ ਦੀ ਇਕ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਅਧਿਕਾਰੀ ਮੁਤਾਬਕ ਅੱਗ 12 ਮੰਜ਼ਿਲਾਂ ਇਮਾਰਤ ਦੇ ਹੇਠਲੀ ਮੰਜ਼ਿਲ ‘ਤੇ ਰੱਖੇ ਤਾਰ ਅਤੇ ਕਬਾੜ ‘ਚ ਲੱਗੀ ਪਰ ਹੌਲੀ-ਹੌਲੀ ਲਪਟਾਂ ਉੱਪਰ ਵੱਲ ਉਠਣ ਲੱਗੀਆਂ ਅਤੇ ਪੂਰੀ ਇਮਾਰਤ ‘ਚ ਧੂੰਆਂ ਫੈਲ ਗਿਆ, ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ। ਫਾਇਰ ਕਰਮੀਆਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ ਦੇਰ ਰਾਤ 1 ਵਜ ਕੇ 45 ਮਿੰਟ ‘ਤੇ ਅੱਗ ‘ਤੇ ਕਾਬੂ ਪਾਇਆ ਗਿਆ।
ਇਮਾਰਤ ਦੀਆਂ ਕਈ ਮੰਜ਼ਿਲਾਂ ‘ਚ ਫਸੇ 40-50 ਵਾਸੀਆਂ ਨੂੰ ਫਾਇਰ ਬ੍ਰਿਗੇਡ ਕਰਮੀਆਂ ਨੇ ਪੌੜੀਆਂ ਜ਼ਰੀਏ ਬਾਹਰ ਕੱਢਿਆ। ਇਨ੍ਹਾਂ ‘ਚੋਂ 39 ਲੋਕਾਂ ਨੇ ਸਾਹ ਘੁੱਟਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ 35 ਲੋਕਾਂ ਨੂੰ ਨਿਗਮ ਸੰਚਾਲਿਤ ਰਾਜਾਵਾੜੀ ਹਸਪਤਾਲ ‘ਚ, ਜਦਕਿ 4 ਹੋਰਨਾਂ ਨੂੰ ਕੋਹੀਨੂਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਮੁਤਾਬਕ ਹਸਪਤਾਲ ‘ਚ ਦਾਖ਼ਲ ਸਾਰੇ ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।