ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਪ੍ਰੈੱਸ ਵਾਰਤਾ, ਸਿਰਫ਼ 22 ਫ਼ੀਸਦੀ ਹੋਇਆ ਕੰਮਕਾਜ

mansoon/nawanpunjab.com

ਨਵੀਂ ਦਿੱਲੀ, 11 ਅਗਸਤ (ਦਲਜੀਤ ਸਿੰਘ)- ਸੰਸਦ ਦੇ ਮਾਨਸੂਨ ਸੈਸ਼ਨ ਲਈ ਲੋਕ ਸਭਾ ਦੀ ਬੈਠਕ ਬੁੱਧਵਾਰ ਯਾਨੀ ਕਿ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਪੈਗਾਸਸ ਜਾਸੂਸੀ ਮਾਮਲਾ, ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਮੇਤ ਹੋਰ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਰੌਲੇ-ਰੱਪੇ ਕਾਰਨ ਪੂਰੇ ਸੈਸ਼ਨ ਵਿਚ ਸਦਨ ’ਚ ਕੰਮਕਾਜ ਰੁਕਾਵਟ ਭਰਿਆ ਰਿਹਾ ਅਤੇ ਸਿਰਫ਼ 22 ਫ਼ੀਸਦੀ ਕੰਮ ਹੀ ਹੋ ਸਕਿਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਦੱਸਿਆ ਕਿ 17ਵੀਂ ਲੋਕ ਸਭਾ ਦੀ 6ਵੀਂ ਬੈਠਕ 19 ਜੁਲਾਈ 2021 ਤੋਂ ਸ਼ੁਰੂ ਹੋਈ ਅਤੇ ਇਸ ਦੌਰਾਨ 17 ਬੈਠਕਾਂ ਵਿਚ 21 ਘੰਟੇ 14 ਮਿੰਟ ਕੰਮਕਾਜ ਹੋਇਆ। ਉਨ੍ਹਾਂ ਨੇ ਕਿਹਾ ਕਿ ਸਦਨ ਵਿਚ ਕੰਮਕਾਜ ਉਮੀਦ ਮੁਤਾਬਕ ਨਹੀਂ ਰਿਹਾ। ਬਿਰਲਾ ਨੇ ਦੱਸਿਆ ਕਿ ਰੁਕਾਵਟ ਕਾਰਨ 96 ਘੰਟਿਆਂ ਵਿਚ ਕਰੀਬ 74 ਘੰਟੇ ਕੰਮ ਨਹੀਂ ਹੋ ਸਕਿਆ। ਲੋਕ ਸਭਾ ਸਪੀਕਰ ਬਿਰਲਾ ਨੇ ਅੱਗੇ ਕਿਹਾ ਕਿ ਲਗਾਤਾਰ ਰੁਕਾਵਟ ਕਾਰਨ ਮਹਿਜ 22 ਫ਼ੀਸਦੀ ਹੀ ਕੰਮਕਾਜ ਹੋਇਆ।

ਬਿਰਲਾ ਨੇ ਦੱਸਿਆ ਕਿ ਮਾਨਸੂਨ ਸੈਸ਼ਨ ਦੌਰਾਨ 66 ਪ੍ਰਸ਼ਨਾਂ ਦੇ ਜ਼ੁਬਾਨੀ ਉੱਤਰ ਦਿੱਤੇ ਗਏ ਅਤੇ ਮੈਂਬਰਾਂ ਨੇ ਨਿਯਮ 377 ਤਹਿਤ 331 ਮਾਮਲੇ ਚੁੱਕੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਵੱਖ-ਵੱਖ ਸਥਾਈ ਕਮੇਟੀਆਂ ਨੇ 60 ਰਿਪੋਰਟਾਂ ਪੇਸ਼ ਕੀਤੀਆਂ, 22 ਮੰਤਰੀਆਂ ਨੇ ਬਿਆਨ ਦਿੱਤੇ ਅਤੇ ਕਾਫੀ ਵੱਡੀ ਗਿਣਤੀ ’ਚ ਪੱਤਰ ਮੇਜ਼ ’ਤੇ ਰੱਖੇ ਗਏ। ਲੋਕ ਸਭਾ ਸਪੀਕਰ ਦੇ ਬਿਆਨ ਮਗਰੋਂ ‘ਵੰਦੇ ਮਾਤਰਮ’ ਦੀ ਧੁੰਨ ਵਜਾਈ ਗਈ ਅਤੇ ਸਦਨ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਮੁਲਵਤੀ ਕਰ ਦਿੱਤਾ ਗਿਆ। ਸਦਨ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੌਜੂਦ ਸਨ।

Leave a Reply

Your email address will not be published. Required fields are marked *