ਜਲੰਧਰ, 11 ਅਗਸਤ (ਦਲਜੀਤ ਸਿੰਘ)- ਟੋਕੀਓ ਓਲੰਪਿਕ ’ਚ ਪੁਰਸ਼ ਹਾਕੀ ਦੀ ਖੇਡ ’ਚ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ ਦੇ ਜਲੰਧਰ ਦੇ ਰਹਿਣ ਵਾਲੇ ਤਿੰਨ ਖਿਡਾਰੀ ਕਪਤਾਨ ਮਨਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਮਨਦੀਪ ਸਿੰਘ ਤੇ ਵਰੁਣ ਸ਼ਰਮਾ ਦਾ ਅੱਜ ਇੱਥੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਤਮਗਾ ਜਿੱਤ ਕੇ ਇਸ ਖੇਡ ’ਚ 41 ਸਾਲ ਦੇ ਸੋਕੇ ਨੂੰ ਖਤਮ ਕੀਤਾ। ਇਹ ਤਮਗਾ ਹਾਲਾਂਕਿ ਸੋਨ ਤਮਗਾ ਨਹੀਂ ਸੀ ਪਰ ਦੇਸ਼ ਵਿਚ ਹਾਕੀ ਨੂੰ ਮੁੜ ਤੋਂ ਲੋਕਪ੍ਰਿਅ ਬਣਾਉਣ ਲਈ ਕਾਫੀ ਹੈ।
ਤਮਗ਼ਾ ਜਿੱਤਣ ਵਾਲੇ ਇਹ ਖਿਡਾਰੀ ਹੁਣ ਸਟਾਰ ਬਣ ਗਏ ਹਨ ਤੇ ਹਰ ਕੋਈ ਉਨ੍ਹਾਂ ਦੀ ਸ਼ਾਨਦਾਰ ਖੇਡ ਦੀ ਚਰਚਾ ਕਰ ਰਿਹਾ ਹੈ। ਇਨ੍ਹਾਂ ਖਿਡਾਰੀਆਂ ਦੇ ਘਰਾਂ ’ਚ ਖੁਸ਼ੀ ਦਾ ਮਾਹੌਲ ਹੈ ਤੇ ਉਹ ਦੇਸ਼ ਵੱਲੋਂ ਤਮਗ਼ਾ ਜਿੱਤਣ ’ਤੇ ਬਾਅਦ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਖਿਡਾਰੀ ਤਿੰਨੇ ਖਿਡਾਰੀ ਓਪਨ ਜੀਪ ’ਚ ਰੋਡ ਸ਼ੋਅ ਕਰਦੇ ਹੋਏ ਆਪਣੇ ਘਰਾਂ ਨੂੰ ਰਵਾਨਾ ਹੋਏ। ਇਹ ਤਿੰਨੇ ਹਾਕੀ ਖਿਡਾਰੀ ਜਲੰਧਰ ਦੇ ਮਿੱਠਾਪੁਰ ਪਿੰਡ ਨਾਲ ਸਬੰਧ ਰਖਦੇ ਹਨ।