ਨੂਹ -ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ 31 ਜੁਲਾਈ ਹੋਈ ਹਿੰਸਾ ਦੇ ਸੰਬੰਧ ‘ਚ ਕਾਂਗਰਸ ਵਿਧਾਇਕ ਮਾਮਨ ਖਾਨ ਦੀ ਗ੍ਰਿਫ਼ਤਾਰੀ ਦੇ ਕੁਝ ਘੰਟਿਆਂ ਬਾਅਦ ਸੂਬਾ ਸਰਕਾਰ ਨੇ 2 ਦਿਨ ਲਈ ਮੋਬਾਇਲ ਇੰਟਰਨੈੱਟ ਅਤੇ ਵੱਡੀ ਗਿਣਤੀ ‘ਚ ਐੱਸ.ਐੱਮ.ਐੱਸ. ਭੇਜਣ ਦੀ ਸੇਵਾ ਨੂੰ ਮੁਅੱਤਲ ਕਰਨ ਦਾ ਸ਼ੁੱਕਰਵਾਰ ਨੂੰ ਆਦੇਸ਼ ਦਿੱਤਾ। ਇਸ ਸੰਬੰਧ ‘ਚ ਜਾਰੀ ਇਕ ਸਰਕਾਰੀ ਆਦੇਸ਼ ‘ਚ ਖਾਨ ਦੀ ਗ੍ਰਿਫ਼ਤਾਰੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਟੀ.ਵੀ. ਐੱਸ. ਐੱਨ. ਪ੍ਰਸਾਦ ਵਲੋਂ ਜਾਰੀ ਇਸ ਆਦੇਸ਼ ‘ਚ ਕਿਹਾ ਗਿਆ,”ਹਰਿਆਣਾ ਰਾਜ ਦੇ ਨੂਹ ਜ਼ਿਲ੍ਹੇ ‘ਚ ਸ਼ਾਂਤੀ ‘ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਰੋਕਣ ਲਈ ਇਹ ਆਦੇਸ਼ ਜਾਰੀ ਕੀਤਾ ਗਿਆ ਹੈ, ਜੋ 15 ਸਤੰਬਰ 10 ਵਜੇ ਤੋਂ 16 ਸਤੰਬਰ ਰਾਤ 11.59 ਵਜੇ ਤੱਕ ਪ੍ਰਭਾਵੀ ਰਹੇਗਾ।”
ਪ੍ਰਸਾਦ ਨੇ ਕਿਹਾ,”14 ਸਤੰਬਰ ਨੂੰ ਨੂਹ ਦੇ ਡਿਪਟੀ ਕਮਿਸ਼ਨਰ ਦੀ ਅਪੀਲ ਰਾਹੀਂ ਮੇਰੇ ਨੋਟਿਸ ‘ਚ ਇਹ ਗੱਲ ਲਿਆਂਦੀ ਗਈ ਕਿ ਜ਼ਿਲ੍ਹੇ ‘ਚ ਤਣਾਅ, ਅੰਦੋਲਨ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਜਾਣ ਅਤੇ ਸ਼ਾਂਤੀ ਨੂੰ ਭੰਗ ਕੀਤੇ ਜਾਣ ਦਾ ਖ਼ਤਰਾ ਹੈ।” ਹਰਿਆਣਾ ਪੁਲਸ ਨੇ ਦੱਸਿਆ ਕਿ ਨੂਹ ‘ਚ ਫਿਰਕੂ ਹਿੰਸਾ ਤੋਂ ਬਾਅਦ ਫਿਰੋਜ਼ਪੁਰ ਝਿਰਕਾ ਦੇ ਵਿਧਾਇਕ ਖਾਨ ਨੂੰ ਐੱਫ.ਆਈ.ਆਰ. ‘ਚ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਨੂਹ ਜ਼ਿਲ੍ਹੇ ‘ਚ ਪੂਰੀ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਅਦਾਲਤ ਕੰਪਲੈਕਸ ‘ਚ ਅਤੇ ਉਸ ਦੇ ਨੇੜੇ-ਤੇੜੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ, ਜਿੱਥੇ ਪੁਲਸ ਖਾਨ ਨੂੰ ਦਿਨ ‘ਚ ਕਿਸੇ ਵੀ ਸਮੇਂ ਪੇਸ਼ ਕਰ ਸਕਦੀ ਹੈ। ਹਰਿਆਣਾ ਸਰਕਾਰ ਨੇ 31 ਜੁਲਾਈ ਨੂੰ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਪਿਛਲੇ ਮਹੀਨੇ ਵੀ ਨੂਹ ਜ਼ਿਲ੍ਹੇ ‘ਚ ਕਈ ਦਿਨਾਂ ਲਈ ਮੋਬਾਇਲ ਇੰਟਰਨੈੱਟ ਸੇਵਾ ਮੁਅੱਤਲ ਕੀਤੀ ਸੀ।