ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਕਿਸਾਨ ਮੇਲੇ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰੱਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਯੂਨੀਵਰਸਿਟੀ ਉਨ੍ਹਾਂ ਲਈ ਕੋਈ ਨਵੀਂ ਥਾਂ ਨਹੀਂ ਹੈ, ਉਹ ਪਹਿਲਾਂ ਵੀ ਇੱਥੇ ਆਉਂਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਖੇਤੀ ਕਰਨ ਦੇ ਤਰੀਕੇ ਬਦਲ ਗਏ ਹਨ। ਸਾਡੇ ਬਜ਼ੁਰਗਾਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਜ਼ਮੀਨਾਂ ਨੂੰ ਸੈੱਟ ਕੀਤਾ ਪਰ ਹੁਣ ਸਾਇੰਸ ਦੇ ਨਵੇਂ ਤਰੀਕੇ ਆ ਗਏ ਹਨ। ਹੁਣ ਖੇਤੀ ਅਪਡੇਟ ਕਰਨ ਦੀ ਲੋੜ ਹੈ ਅਤੇ ਪੰਜਾਬੀ ਨਵੀਂ ਚੀਜ਼ ਨੂੰ ਬਹੁਤ ਜਲਦੀ ਅਪਣਾਉਂਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੋਈ ਕਿ ਬੀਤੇ ਦਿਨ 1 ਲੱਖ, 9 ਹਜ਼ਾਰ ਕਿਸਾਨਾਂ ਨੇ ਮੇਲੇ ਦੀ ਰਜਿਸਟ੍ਰੇਸ਼ਨ ਕਰਾਈ ਹੈ ਅਤੇ ਵੱਡੀ ਗਿਣਤੀ ‘ਚ ਇਸ ਮੇਲੇ ਦੌਰਾਨ ਨੌਜਵਾਨਾਂ ਨੇ ਸ਼ਿਰੱਕਤ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਵਿਸ਼ਾ ਮੇਰੇ ਦਿਲ ਦੇ ਬਹੁਤ ਨੇੜੇ ਹੈ, ਜੋ ਕਿ ਬਹੁਤ ਮੁਸੀਬਤਾਂ ‘ਚ ਪੈ ਚੱਲੀ ਹੈ। ਕੇਂਦਰ ਨੇ ਕੁੱਝ ਇਸ ਤਰ੍ਹਾਂ ਦੇ ਨਿਯਮ ਬਣਾ ਦਿੱਤੇ ਕਿ ਇਸ ਨਾਲ ਖੇਤੀ ਮੁਸੀਬਤ ‘ਚ ਆ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਬਾਸਮਤੀ ਪੰਜਾਬ ਪੈਦਾ ਕਰਦਾ ਹੈ ਅਸੀਂ ਪਹਿਲਾਂ ਹੀ ਬਾਸਮਤੀ ‘ਤੇ ਛਿੜਕੀਆਂ ਜਾਣ ਵਾਲੀਆਂ 10 ਕਿਸਮ ਦੀਆਂ ਸਪਰੇਆਂ ‘ਤੇ ਬੈਨ ਲਾ ਦਿੱਤਾ ਪਰ ਹੁਣ ਕੇਂਦਰ ਨੇ ਨਵੀਂ ਸ਼ਰਤ ਰੱਖ ਦਿੱਤੀ ਕਿ 1200 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਸੈੱਸ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਖਜ਼ਾਨੇ ਅਤੇ ਕਿਸਾਨੀ ਦੀ ਰਾਖੀ ਕਰਨੀ ਹੈ ਤਾਂ ਇਕ-ਇਕ ਰੁਪਏ ਵਾਸਤੇ ਲੜਨਾ ਪੈਂਦਾ ਹੈ ਤਾਂ ਜਾ ਕੇ ਹੱਕ ਮਿਲਦੇ ਹਨ, ਨਹੀਂ ਤਾਂ ਕੇਂਦਰ ਵਾਲੇ ਤਾਂ ਆਰਾ ਲਈ ਬੈਠੇ ਹਨ ਅਤੇ ਜਿਹੜਾ ਆਉਂਦਾ ਹੈ, ਉਸ ਨੂੰ ਵੱਢੀ ਜਾਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡਾਂ ਦਾ 4 ਹਜ਼ਾਰ ਕਰੋੜ ਰੁਪਿਆ ਇਹ ਕਹਿ ਕੇ ਰੋਕ ਰੱਖਿਆ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਸ ਫੰਡ ਦੀ ਗਲਤ ਵਰਤੋਂ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਲੁੱਟਣਾ ਨਹੀਂ ਹੁੰਦਾ ਅਤੇ ਵਿਰੋਧੀ ਸਾਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਤਾਂ ਰਾਹਾਂ ‘ਚ ਕੰਢੇ ਖਿਲਾਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ‘ਚ ਰਜਿਸਟਰੀਆਂ ਨੂੰ ਸੌਖੀ ਪੰਜਾਬੀ ‘ਚ ਕਰ ਦਿੱਤਾ ਗਿਆ ਹੈ ਤਾਂ ਜੋ 10ਵੀਂ ਅਤੇ 12ਵੀਂ ਜਮਾਤ ‘ਚ ਪੜ੍ਹਨ ਵਾਲਾ ਬੱਚਾ ਵੀ ਇਸ ਨੂੰ ਪੜ੍ਹ ਸਕੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕਰ ਰਹੇ ਹਾਂ।