ਜਲੰਧਰ –ਪੰਜਾਬ ਪੁਲਸ ਸੂਬੇ ਵਿਚ ਸ਼੍ਰੀ ਗਣਪਤੀ ਉਤਸਵ ਨੂੰ ਵੇਖਦਿਆਂ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਵਿਚ ਜੁਟ ਗਈ ਹੈ। ਗਣਪਤੀ ਉਤਸਵ ਇਸ ਵਾਰ 19 ਸਤੰਬਰ ਨੂੰ ਸ਼ੁਕਲ ਪਕਸ਼ ਦੀ ਗਣੇਸ਼ ਚਤੁਰਥੀ ਵਾਲੇ ਦਿਨ ਸ਼ੁਰੂ ਹੋਵੇਗਾ ਅਤੇ 28 ਸਤੰਬਰ ਨੂੰ ਅਨੰਤ ਚਤੁਰਥੀ ਵਾਲੇ ਦਿਨ ਸਮਾਪਤ ਹੋਵੇਗਾ ਜਿਸ ਦਿਨ ਬੱਪਾ ਦੀਆਂ ਮੂਰਤੀਆਂ ਵਿਸਰਜਿਤ ਕੀਤੀਆਂ ਜਾਣਗੀਆਂ।
ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਕਿਹਾ ਹੈ ਕਿ ਸ਼੍ਰੀ ਗਣਪਤੀ ਉਤਸਵ ਨੂੰ ਵੇਖਦਿਆਂ ਪ੍ਰਮੁੱਖ ਮੰਦਰਾਂ ਦੇ ਆਸ-ਪਾਸ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਅਤੇ ਨਾਲ ਹੀ ਮੰਦਰਾਂ ਦੇ ਆਸ-ਪਾਸ ਪੁਲਸ ਦੀ ਗਸ਼ਤ ਦਾ ਘੇਰਾ ਹੋਰ ਵਧਾਇਆ ਜਾਵੇ
ਇਸ ਤੋਂ ਪਹਿਲਾਂ ਵੀ ਜਦੋਂ-ਜਦੋਂ ਸੂਬੇ ਵਿਚ ਧਾਰਮਿਕ ਉਤਸਵਾਂ ਦਾ ਆਯੋਜਨ ਹੁੰਦਾ ਰਿਹਾ ਹੈ ਤਾਂ ਡੀ. ਜੀ. ਪੀ. ਗੌਰਵ ਯਾਦਵ ਨੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਫੀਲਡ ਡਿਊਟੀ ’ਤੇ ਭੇਜਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਸਾਰੇ ਪੁਲਸ ਅਧਿਕਾਰੀ ਫੀਲਡ ਵਿਚ ਵੱਖ-ਵੱਖ ਤਰ੍ਹਾਂ ਦੇ ਪੁਲਸ ਆਪ੍ਰੇਸ਼ਨਾਂ ਵਿਚ ਹਿੱਸਾ ਲੈਣਗੇ, ਜਿਨ੍ਹਾਂ ਰਾਹੀਂ ਅਪਰਾਧਕ ਅਨਸਰਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ।