ਹੜ੍ਹਾਂ ਨਾਲ ਜੂਝ ਰਹੇ ਲੋਕਾਂ ਲਈ ਭਾਖੜਾ ਡੈਮ ਦੇ ਪਾਣੀ ਨੂੰ ਲੈ ਕੇ ਰਾਹਤ ਭਰੀ ਖ਼ਬਰ, ਬੰਦ ਹੋਏ ਫਲੱਡ ਗੇਟ


ਰੂਪਨਗਰ – ਹੜ੍ਹਾਂ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਭਾਖੜਾ ਡੈਮ ਵੱਲੋਂ ਫਲੱਡ ਗੇਟ ਬੰਦ ਕਰ ਦਿੱਤੇ ਗਏ ਹਨ। ਇਸ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਵਹਾਅ ਆਮ ਵਾਂਗ ਹੋ ਗਿਆ ਹੈ। ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਪ੍ਰਬੰਧਕੀ ਬੋਰਡ ਨੇ ਇਨ੍ਹਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਭਾਖੜਾ ਡੈਮ ਦਾ ਖ਼ਤਰਾ ਨਿਸ਼ਾਨ 1680 ਫੁੱਟ ਦੇ ਕਰੀਬ ਦਾ ਹੈ ਪਰ ਪਾਣੀ ਦਾ ਪੱਧਰ 1678 ਦੇ ਕਰੀਬ ਤੱਕ ਪਹੁੰਚ ਗਿਆ ਸੀ, ਜਿਸ ਕਾਰਨ ਭਾਖੜਾ ਬਿਆਸ ਮੈਨੇਜਮੇਟ ਬੋਰਡ ਨੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਲਿਆ ਸੀ।

ਭਾਵੇਂ ਫਲੱਡ ਗੇਟ ਖੋਲ੍ਹਣ ਕਾਰਨ ਮੈਦਾਨੀ ਇਲਾਕਿਆਂ ਵਿਚ ਹੜ੍ਹ ਵਾਲੇ ਮਾਹੌਲ ਬਣ ਗਏ ਸਨ ਪਰ ਕਿਸੇ ਹਦ ਤਕ ਡੈਮਾਂ ਨੁੰ ਬਚਾਉਣ ਲਈ ਇਹ ਫ਼ੈਸਲਾ ਲੈਣਾ ਬਣਦਾ ਸੀ ਪਰ ਅੱਜ 30 ਅਗਸਤ ਨੂੰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1672.83 ਹੈ ਅਤੇ ਫਲੱਡ ਗੈਟ ਬੰਦ ਕਰ ਦਿਤੇ ਗਏ ਹਨ ਕਿਉਂਕਿ ਡੈਮ ਪਿੱਛੇ ਬਣੇ ਹੋਏ ਪਾਣੀ ਤੋਂ ਹੀ ਬਿਜਲੀ ਪੈਦਾ ਕੀਤੀ ਜਾਵੇਗੀ। ਇਥੇ ਜਾਣਕਾਰੀ ਦੇਣੀ ਬਣਦੀ ਹੈ ਕਿ ਹੁਣ ਭਾਖੜਾ ਡੈਮ ਤੋਂ ਕੁੱਲ 41147 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਦੂਜੇ ਪਾਸੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੀ ਪਾਣੀ ਦਾ ਪੱਧਰ ਘੱਟ ਚੁਕਾ ਹੈ, ਜਿਸ ਨਾਲ ਦਰਿਆ ਦੇ ਨਜ਼ਦੀਕੀ ਇਲਾਕੇ ਦੇ ਲੋਕ ਵੀ ਆਪਣੇ ਆਪ ਵਿਚ ਹੁਣ ਖ਼ੁਸ਼ ਵਿਖਾਈ ਦੇ ਰਹੇ ਹਨ।

ਇਸ ਤੋਂ ਪਹਿਲਾਂ 14 ਅਗਸਤ ਦੀ ਸ਼ਾਮ ਨੂੰ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਸਨ। ਇਸ ਤੋਂ ਬਾਅਦ ਰੂਪਨਗਰ ਦੇ ਦਰਿਆ ਦੇ ਆਲੇ-ਦੁਆਲੇ ਦੇ 25 ਤੋਂ 30 ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਸੀ। ਖੇਤਾਂ, ਸੜਕਾਂ ਸਮੇਤ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ, ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਕਿਸਾਨ ਜਥੇਬੰਦੀਆਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਰੂਪਨਗਰ ਵਿੱਚ 100 ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਸੀ ਅਤੇ ਲੋਕਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਸੀ। ਇਸ ਦੌਰਾਨ ਪ੍ਰਸ਼ਾਸਨ ਸਮੇਤ ਸਮਾਜਿਕ ਜਥੇਬੰਦੀਆਂ ਨੇ ਰਾਹਤ ਕਾਰਜ ਜਾਰੀ ਰੱਖਿਆ।

Leave a Reply

Your email address will not be published. Required fields are marked *