ਪਟਿਆਲਾ- ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਦੇ ਪੈਲੇਸ ਅਤੇ ਘਰ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਪਰ ਉੱਥੇ ਕੋਈ ਨਹੀਂ ਮਿਲਿਆ ਕਿਉਂਕਿ 2 ਅਗਸਤ ਨੂੰ ਕੇਸ ਦਰਜ ਹੋਣ ਤੋਂ ਬਾਅਦ ਭਰਤ ਇੰਦਰ ਸਿੰਘ ਚਹਿਲ ਲਗਾਤਾਰ ਰੁਪੋਸ਼ ਹਨ। ਬੀਤੀ ਸਵੇਰੇ ਹੀ ਵਿਜੀਲੈਂਸ ਦੀਆਂ ਟੀਮਾਂ ਪਹਿਲਾਂ ਸਰਹਿੰਦ ਰੋਡ ਸਥਿਤ ਉਨ੍ਹਾਂ ਦੇ ਪੈਲੇਸ ਵਿਖੇ ਗਈਆਂ।
ਬਾਅਦ ’ਚ ਤਵਕੱਲੀ ਮੋੜ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀਆਂ, ਜਿੱਥੇ ਜਿੰਦਰਾ ਲੱਗਿਆ ਹੋਇਆ ਸੀ ਅਤੇ ਸਿਰਫ਼ ਚੌਂਕੀਦਾਰ ਹੀ ਮੌਜੂਦ ਸੀ। ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਭਰਤ ਇੰਦਰ ਸਿੰਘ ਚਹਿਲ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਕੇਸ ਦਰਜ ਕੀਤਾ ਗਿਆ ਹੈ। ਉਸ ਤੋਂ ਬਾਅਦ ਚਹਿਲ ਨੇ ਪਟਿਆਲਾ ਦੀ ਅਦਾਲਤ ’ਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਸੀ, ਜੋ ਕਿ ਰੱਦ ਕਰ ਦਿੱਤੀ ਸੀ। ਫਿਰ ਵਿਜੀਲੈਂਸ ਬਿਊਰੋ ਨੇ ਚਹਿਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਵਿਜੀਲੈਂਸ ਨੇ ਚਹਿਲ ਖ਼ਿਲਾਫ਼ ਲੁਕ ਆਉੂਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ ਤਾਂ ਕਿ ਉਹ ਦੇਸ਼ ਛੱਡ ਕੇ ਨਾ ਜਾ ਸਕੇ।
ਭਰਤ ਇੰਦਰ ਚਹਿਲ ਖ਼ਿਲਾਫ਼ ਵਿਜੀਲੈਂਸ ਨੇ ਦਸੰਬਰ 2022 ’ਚ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਬਹੁਤ ਵਾਰ ਬੁਲਾਇਆ ਗਿਆ ਪਰ ਉਹ ਵਿਜੀਲੈਂਸ ਬਿਊਰੋ ਅੱਗੇ ਪੇਸ਼ ਨਾ ਹੋਏ। ਕਈ ਪ੍ਰਵਾਨਿਆਂ ਤੋਂ ਬਾਅਦ ਭਰਤ ਇੰਦਰ ਸਿੰਘ ਚਹਿਲ ਵਿਜੀਲੈਂਸ ਅੱਗੇ ਪੇਸ਼ ਹੋਏ ਤੇ ਉਸ ਤੋਂ ਬਾਅਦ ਵਿਜੀਲੈਂਸ ਨੇ ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ’ਚ ਕੇਸ ਦਰਜ ਕਰ ਦਿੱਤਾ। ਲਗਭਗ ਇਕ ਮਹੀਨੇ ਬਾਅਦ ਫਿਰ ਤੋਂ ਵਿਜੀਲੈਂਸ ਨੇ ਚਹਿਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।