ਚੰਡੀਗੜ੍ਹ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਸਰਕਾਰ ਵਲੋਂ ਚਿੱਠੀਆਂ ਦਾ ਜਵਾਬ ਨਾ ਦਿੱਤੇ ਜਾਣ ’ਤੇ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬੀ ਹਮਲਾ ਕੀਤਾ ਹੈ। ਸ਼ਾਇਰਾਨਾ ਅੰਦਾਜ਼ ਵਿਚ ਮੁੱਖ ਮੰਤਰੀ ਨੇ ਆਖਿਆ ਹੈ ਕਿ ‘ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ਵਿਚ ਜਾ ਕੇ ਉਹ ਵੀ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ਼ ਤਾਰ ਰਹੇ ਹਾਂ ਗਵਰਨਰ ਸਾਬ੍ਹ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਰਾਜਪਾਲ ਮੈਨੂੰ ਚਿੱਠੀ ਲਿਖਣ ਤੇ ਉਹਦੇ ਵਿਚ ਕੋਈ ਆਰਡਰ ਦੇਣ ਜਾਂ ਕੋਈ ਅਜਿਹੀ ਭਾਸ਼ਾ ਲਿਖਣ ਜਿਸ ਨਾਲ ਪੰਜਾਬੀਆਂ ਦੀ ਹੇਠੀ ਹੁੰਦੀ ਹੋਵੇ। ਅਸੀਂ ਦੇਖਦੇ ਰਹੇ ਕਿ ਠੀਕ ਹੋ ਜਾਣਗੇ, ਉਨ੍ਹਾਂ ਨੂੰ ਉਪਰੋਂ ਹੁਕਮ ਹੋ ਰਹੇ ਹਨ ਪਰ ਹੁਣ ਕੰਮ ਜ਼ਿਆਦਾ ਵੱਧ ਗਿਆ ਹੈ। ਇਕੱਲਾ ਪੰਜਾਬ ਹੀ ਨਹੀਂ ਹੋਰ ਸੂਬੇ ਵੀ ਇਸ ਤੋਂ ਪੀੜਤ ਹਨ। ਕੱਲ੍ਹ ਜੋ ਮਾਨਯੋਗ ਰਾਜਪਾਲ ਨੇ ਪੰਜਾਬ ਦੇ ਬਾਸ਼ਿੰਦਿਆਂ, ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ ਮੈਂ ਤੁਹਾਡੇ ’ਤੇ ਰਾਸ਼ਟਰਪਤੀ ਸ਼ਾਸਨ ਲਗਾ ਦੇਵਾਂਗਾ, ਮੈਂ 356 ਧਾਰਾ ਲਗਾਉਣ ਦੀ ਸਿਫਾਰਸ਼ ਕਰਾਂਗਾ। ਇਹ ਠੀਕ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਹਨ। ਪੰਜਾਬ ਵਿਚ 23518 ਡਰੱਗ ਸਮੱਗਲਰ ਗ੍ਰਿਫ਼ਤਾਰ ਕੀਤੇ ਹਨ। 17632 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, 1627 ਕਿੱਲੋ ਹੈਰੋਇਨ ਫੜੀ ਗਈ ਹੈ। 13.29 ਕਰੋੜ ਡਰੱਗ ਮਨੀ ਫੜੀ ਗਈ ਹੈ ਅਤੇ ਸਮੱਗਲਰਾਂ ਦੀਆਂ ਪ੍ਰਾਪਰਟੀਆਂ ਵੀ ਐਟਚ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 66 ਸਮੱਗਲਰਾਂ ਦੀਆਂ ਪ੍ਰਾਪਟੀਆਂ ਅਟੈਚ ਕੀਤੀਆਂ ਜਾ ਚੁੱਕੀਆਂ ਹਨ। ਮਾਨ ਨੇ ਕਿਹਾ ਕਿ ਲੜਾਈ ਤਾਂ ਪਹਿਲੇ ਦਿਨ 16 ਮਾਰਚ ਤੋਂ ਹੀ ਚੱਲ ਰਹੀ ਸੀ ਪਰ ਹੁਣ ਲੜਾਈ ਹੱਲਾ ਬੋਲ ’ਤੇ ਆ ਗਈ ਹੈ। ਜੇ ਇਕੱਲੇ ਅਗਸਤ ਮਹੀਨੇ ਦੀ ਗੱਲ ਕਰੀਏ ਤਾਂ 23 ਅਗਸਤ ਨੂੰ ਸਪੈਸ਼ਲ ਟਾਸਕ ਫੋਰਸ ਨੇ 41 ਕਿੱਲੋ ਹੈਰੋਇਨ ਫੜੀ, 21 ਅਗਸਤ ਨੂੰ 29.2 ਕਿੱਲੋ ਹੈਰੋਇਨ ਫੜੀ, 17 ਅਗਸਤ ਨੂੰ 8 ਕਿਲੋ, 11 ਅਗਸਤ ਨੂੰ 5 ਕਿਲੋ, 10 ਅਗਸਤ ਨੂੰ 12 ਕਿੱਲੋ ਹੈਰੋਇਨ ਫੜੀ ਗਈ। ਇਸ ਦੇ ਨਾਲ-ਨਾਲ ਗੈਂਗਸਟਰ ’ਤੇ ਵੀ ਸ਼ਿਕੰਜਾ ਕੱਸਿਆ ਹੋਇਆ ਹੈ। ਪੰਜਾਬ ਪੁਲਸ ਨੇ 753 ਹਾਰਡ ਕੋਰ ਗੈਂਗਸਟਰ ਗ੍ਰਿਫ਼ਤਾਰ ਕੀਤੇ। ਏ. ਡੀ. ਜੀ. ਪੀ. ਰੈਂਕ ਦੇ ਅਫਸਰ ਟਾਸਕ ਫੋਰਸ ਨੂੰ ਲੀਡ ਕਰ ਰਹੇ। ਸਾਡੇ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ ਵਿਚ ਹੈ ਪਰ ਗਵਰਨਰ ਦੱਸਣ ਕਿ ਕੀ ਹਰਿਆਣਾ ਦੇ ਰਾਜਪਾਲ ਨੇ ਹਰਿਆਣਾ ਸਰਕਾਰ ਨੂੰ ਨਹੂ ਵਿਚ ਹੋਈ ਘਟਨਾ ਨੂੰ ਲੈ ਕੇ ਅਜਿਹਾ ਕੋਈ ਪੱਤਰ ਲਿਖਿਆ ਹੈ ਕਿਉਂਕਿ ਸਰਕਾਰ ਸੱਤਾਧਾਰੀ ਹੈ।
ਮਾਨ ਨੇ ਕਿਹਾ ਕਿ ਲਾਅ ਐਂਡ ਆਰਡਰ ਦੀ ਰੈਂਕਿੰਗ ਵਿਚ 140 ਨੰਬਰਾਂ ਵਿਚੋਂ 90.5 ਨੰਬਰ ਲੈ ਕੇ ਪਹਿਲੇ ਸਥਾਨ ’ਤੇ ਗੁਜਰਾਤ ਹੈ ਜਦਕਿ 85.1 ਨੰਬਰਾਂ ਨਾਲ ਦੂਜੇ ਨੰਬਰ ’ਤੇ ਪੰਜਾਬ ਹੈ। ਇਸ ਦੇ ਉਲਟ ਗੁਆਂਢੀ ਸੂਬਾ ਹਰਿਆਣਾ 37 ਨੰਬਰਾਂ ਨਾਲ 19ਵੇਂ ਨੰਬਰ ’ਤੇ ਅਤੇ ਰਾਜਸਥਾਨ 46 ਨੰਬਰਾਂ ਨਾਲ 16ਵੇਂ ਨੰਬਰਾਂ ’ਤੇ ਹੈ। ਜਿਹੜਾ ਸੂਬਾ ਲਾਅ ਐਂਡ ਆਰਡਰ ਰੈਂਕਿੰਗ ਵਿਚ ਦੂਜੇ ਨੰਬਰ ’ਤੇ ਹੈ ਤੁਹਾਡੇ ਵਲੋਂ ਉਥੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਹੋਣ ਦਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਕੀ ਤੁਸੀਂ ਮਣੀਪੁਰ ਦੀ ਘਟਨਾ ’ਤੇ ਕਦੇ ਕੋਈ ਬਿਆਨ ਦਿੱਤਾ। ਕੀ ਉਥੇ ਸੰਵਿਧਾਨ ਨਹੀਂ ਲਾਗੂ ਹੁੰਦਾ। ਯੂਪੀ ਵਿਚ ਕੀ ਕੁੱਝ ਹੋ ਰਿਹਾ। ਇਸ ਦੇ ਬਾਵਜੂਦ ਮਜ਼ਾਲ ਹੈ ਯੂਪੀ ਦਾ ਗਵਰਨਰ ਪੱਤਰ ਲਿਖ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਗਵਰਨਰ ਨੇ 16 ਚਿੱਠੀਆਂ ਲਿਖੀਆਂ ਜਿਸ ਵਿਚੋਂ 9 ਦੇ ਸਰਕਾਰ ਨੇ ਜਵਾਬ ਦੇ ਦਿੱਤੇ ਹਨ ਅਤੇ ਬਾਕੀਆਂ ਦੇ ਜਵਾਬ ਵੀ ਦੇ ਦੇਵਾਂਗੇ। ਕੁੱਝ ਜਾਣਕਾਰੀ ਅਜਿਹੀ ਹੁੰਦੀ ਜਿਸ ਦੇ ਜਵਾਬ ਦੇਣ ਨੂੰ ਸਮਾਂ ਲੱਗਦਾ ਹੈ। ਜਦਕਿ ਇਸ ਦੇ ਉਲਟ ਗਵਰਨਰ ਕੋਲ ਪੰਜਾਬ ਦੇ ਪਿਛਲੇ ਡੇਢ ਸਾਲ ਦੇ 6 ਬਿੱਲ ਬਕਾਇਆ ਪਏ ਹਨ ਜਿਸ ’ਤੇ ਅਜੇ ਤਕ ਸਾਈਨ ਨਹੀਂ ਕੀਤੇ ਗਏ। ਦੋ ਬਿੱਲ ਤਾਂ ਕੈਪਟਨ ਸਰਕਾਰ ਦੇ ਸਮੇਂ ਦੇ ਹਨ।
ਸਾਡੀਆਂ ਚਿੱਠੀਆਂ ਦੇ ਤੁਰੰਤ ਜਵਾਬ ਆਉਣ ਪਰ ਆਪਣੇ ਬਿੱਲਾਂ ’ਤੇ ਸਾਈਨ ਕਰਨ ਲਈ ਗਵਰਨਰ ਆਖ ਦਿੰਦੇ ਹਨ ਕਿ ਕਾਨੂੰਨੀ ਰਾਏ ਲਵਾਂਗਾ। ਮਾਣਯੋਗ ਗਵਰਨਰ ਸਾਬ੍ਹ ਇਹ ਦੱਸਣ ਕਿ ਕੀ ਤੁਸੀਂ ਆਰ. ਟੀ. ਐੱਫ. ਬਾਰੇ ਚਿੱਠੀ ਲਿਖੀ। ਗਵਰਨਰ ਸੈਂਟਰ ਅਤੇ ਸੂਬਾ ਸਰਕਾਰ ਵਿਚਾਲੇ ਪੁਲ਼ ਦਾ ਕੰਮ ਕਰਦਾ ਹੈ ਪਰ ਇਥੇ ਕੁੱਝ ਹੋਰ ਹੀ ਹੋ ਰਿਹਾ ਹੈ। ਗਵਰਨਰ ਪੰਜਾਬ ਦੀ ਨਹੀਂ ਸਗੋਂ ਭਾਜਪਾ ਦੀ ਪੈਰਵਾਈ ਕਰ ਰਹੇ। ਹੁਣ ਉਹ ਸਾਡੇ ਜ਼ਖਮਾਂ ’ਤੇ ਨਮਕ ਨਾ ਛਿੜਕਣ ਦਾ ਕੰਮ ਨਾ ਕਰਨ। ਜਿਸ ਸੂਬੇ ਨੇ ਆਜ਼ਾਦੀ ਲੈਣ ਵਿਚ ਸਭ ਤੋਂ ਵੱਧ ਕਾਰਬਾਨੀ ਦਿੱਤੀ, ਜਿਸ ਨੇ ਦੇਸ਼ ਦਾ ਢਿੱਡ ਭਰਿਆ ਉਸ ਨੂੰ ਰਾਸ਼ਟਰਪਤੀ ਸ਼ਾਸਨ ਲਗਾਉਣ ਦੀਆਂ ਧਮਕੀਆਂ ਦੇਣਾ ਚੰਗੀ ਗੱਲ ਨਹੀਂ ਹੈ। ਵਨ ਵੇ ਚਿੱਠੀਆਂ ਆ ਰਹੀਆਂ ਹਨ ਫਿਰ ਵੀ ਅਸੀਂ ਜਵਾਬ ਦੇਵਾਂਗੇ ਪਰ ਇਹ ਬਿਆਨ ਦੇਣੇ ਕਿ ਅਸੀਂ ਸਰਕਾਰ ਤੋੜ ਦੇਵਾਂਗੇ, ਰਾਸ਼ਟਰਪਤੀ ਸ਼ਾਸਨ ਲਗਾ ਦੇਵਾਂਗੇ, ਇਹ ਗੈਰ ਸੰਵਿਧਾਨਕ ਹੈ।