ਹਰਿਆਣਾ- ਵਿਸ਼ਵ ਹਿੰਦੂ ਪਰੀਸ਼ਦ (VHP) ਵਲੋਂ 28 ਅਗਸਤ ਨੂੰ ਆਪਣੀ ਬ੍ਰਿਜ ਮੰਡਲ ਜਲ ਅਭਿਸ਼ੇਕ ਯਾਤਰਾ ਨਾਲ ਅੱਗੇ ਵੱਧਣ ਦੇ ਐਲਾਨ ਮਗਰੋਂ ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਮੋਬਾਇਲ ਇੰਟਰਨੈੱਟ ਅਤੇ ਬਲਕ SMS ਸੇਵਾਵਾਂ ਦੋ ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਕ ਅਧਿਕਾਰਤ ਬਿਆਨ ‘ਚ ਸ਼ਨੀਵਾਰ ਨੂੰ ਕਿਹਾ ਗਿਆ ਕਿ ਇੰਟਰਨੈੱਟ ਸੇਵਾਵਾਂ ਅੱਜ ਦੁਪਹਿਰ 12 ਵਜੇ ਤੋਂ 28 ਅਗਸਤ ਦੀ ਮੱਧ ਰਾਤ 12 ਵਜੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਰਅਸਲ ਵਿਸ਼ਵ ਹਿੰਦੂ ਪਰੀਸ਼ਦ ਨੇ 13 ਅਗਸਤ ਨੂੰ ਕਿਹਾ ਸੀ ਕਿ ਉਹ 28 ਅਗਸਤ ਨੂੰ ਬ੍ਰਿਜ ਮੰਡਲ ਜਲ ਅਭਿਸ਼ੇਕ ਯਾਤਰਾ ਕੱਢਣਗੇ।
ਹਾਲਾਂਕਿ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਸਥਾਨਕ ਪੁਲਸ ਦੇ ਨਾਲ-ਨਾਲ ਖ਼ੁਫੀਆ ਏਜੰਸੀਆਂ ਵਲੋਂ ਕੀਤੀ ਗਈ ਕਾਨੂੰਨ ਵਿਵਸਥਾ ‘ਚ ਗੜਬੜੀ ਦੇ ਖ਼ਦਸ਼ੇ ਦਾ ਹਵਾਲਾ ਦਿੰਦੇ ਹੋਏ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 31 ਜੁਲਾਈ ਨੂੰ ਨੂਹ ਵਿਚ ਦੋ ਭਾਈਚਾਰਿਆਂ ਵਿਚਾਲੇ ਹਿੰਸਕ ਝੜਪ ਮਗਰੋਂ ਨੂਹ ਪ੍ਰਸ਼ਾਸਨ ਨੇ ਇੰਟਰਨੈੱਟ ਅਤੇ SMS ਸੇਵਾਵਾਂ ਮੁਲਤਵੀ ਕਰ ਦਿੱਤੀਆਂ ਸਨ, ਜਿਸ ਨੂੰ ਅੱਜ ਮੁੜ ਮੁਲਤਵੀ ਕਰ ਦਿੱਤਾ ਗਿਆ ਹੈ।
ਨੂੰਹ ਦੇ ਡਿਪਟੀ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਗ੍ਰਹਿ ਵਿਭਾਗ ਨੂੰ ਚਿੱਠੀ ਲਿਖ ਕੇ ਨੂਹ ਇੰਟਰਨੈੱਟ ਸੇਵਾ ਅਤੇ ਬਲਕ ਸੰਦੇਸ਼ਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਅੱਜ ਹਰਿਆਣਾ ਦੇ ਗ੍ਰਹਿ ਸਕੱਤਰ ਵਲੋਂ 26 ਅਗਸਤ ਤੋਂ 28 ਅਗਸਤ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਹੁਕਮ ਜਾਰੀ ਕੀਤੇ ਗਏ ਹਨ।