ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਰਾਤ ਭਰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਚੌਕੀ ਮੋੜ ਕੋਲ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ ਸੰਖਿਆ 5 ਦਾ ਪਰਵਾਣੂ-ਸੋਲਨ ਹਿੱਸਾ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸੋਲਨ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਕਿਹਾ ਕਿ ਹਲਕੇ ਜ਼ਮੀਨ ਖਿਸਕਣ ਤੋਂ ਬਾਅਦ ਪ੍ਰਸ਼ਾਸਨ ਨੇ ਰਾਸ਼ਟਰੀ ਰਾਜਮਾਰਗ 5 ‘ਤੇ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ।
ਬੁਲਾਰੇ ਨੇ ਕਿਹਾ ਕਿ ਮੰਗਲਵਾਰ ਰਾਤ ਤੋਂ ਖੇਤਰ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਵਾਹਨਾਂ ਦੀ ਆਵਾਜਾਈ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਹੈ। ਜ਼ਮੀਨ ਖਿਸਕਣ ਤੋਂ ਬਾਅਦ ਜ਼ਿਲ੍ਹੇ ਦੀਆਂ ਕਈ ਸੜਕਾਂ ਪ੍ਰਭਾਵਿਤ ਹੋਆਂ ਹਨ ਅਤੇ ਕੁਝ ਗੱਡੀਆਂ ਦਬ ਗਈਆਂ ਅਤੇ ਵਾਹਨਾਂ ਦੀ ਆਵਾਜਾਈ ਵੀ ਠੱਪ ਹੋ ਗਈ ਹੈ। ਸੋਲਨ ਪੁਲਸ ਨੇ ਆਮ ਜਨਤਾ ਤੋਂ ਅਪੀਲ ਕੀਤੀ ਹੈ ਕਿ ਚਾਕੀ ਮੋੜ ਕੋਲ ਰਾਸ਼ਟਰੀ ਰਾਜਮਾਰਗ ਜ਼ਮੀਨ ਖਿਸਕਣ ਤੋਂ ਬਾਅਦ ਬੰਦ ਹੋ ਗਿਆ ਹੈ ਅਤੇ ਜ਼ਿਲ੍ਹੇ ‘ਚ ਕਈ ਥਾਵਾਂ ‘ਤੇ ਹਲਕੇ ਜ਼ਮੀਨ ਖਿਸਕਣ ਕਾਰਨ ਹੋਰ ਵੈਕਲਪਿਕ ਮਾਰਗ ਵੀ ਬੰਦ ਹਨ। ਪੁਲਸ ਨੇ ਕਿਹਾ ਕਿ ਬਹੁਤ ਜ਼ਰੂਰੀ ਹੋਣ ‘ਤੇ ਹੀ ਸੜਕਾਂ ‘ਤੇ ਵਾਹਨ ਲੈ ਕੇ ਜਾਓ।