ਤਰਨਤਾਰਨ : ਰੋਜ਼ਾਨਾ ਵੱਧ ਰਹੀ ਠੰਡ ਅਤੇ ਧੁੰਦ ਨੇ ਜਿੱਥੇ ਆਮ ਜਨ-ਜੀਵਨ ਨੂੰ ਝਿੰਜੋੜਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਲਾ ਖਰਾਬ, ਸਾਹ, ਛਾਤੀ ਦੇ ਰੋਗਾਂ ਅਤੇ ਨਿਮੋਨੀਆ ਵਰਗੀਆਂ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ, ਇਸ ਸਭ ਦੇ ਵਿਚਾਲੇ ਸਿਹਤ ਮਾਹਿਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ।
ਬੱਚੇ ਹੋ ਰਹੇ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ
ਵੱਧ ਰਹੀ ਸਰਦੀ ਨੇ ਛੋਟੇ ਅਤੇ ਨਵ-ਜੰਮੇ ਬੱਚਿਆਂ ਨੂੰ ਸਿਹਤ ਪੱਖੋਂ ਭਾਰੀ ਮੁਸ਼ਕਿਲਾਂ ’ਚ ਪਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਉਹ ਜਿੱਥੇ ਛਾਤੀ ਰੋਗਾਂ, ਜ਼ੁਕਾਮ, ਤੇਜ਼ ਬੁਖਾਰ, ਸਾਹ, ਗਲਾ ਖਰਾਬ, ਪੇਟ ਦੀਆਂ ਬੀਮਾਰੀਆਂ ਤੋਂ ਇਲਾਵਾ ਨਿਮੋਨੀਆ ਨਾਲ ਪੀੜਤ ਹੋ ਰਹੇ ਹਨ। ਇਸ ਦੌਰਾਨ ਬੱਚਿਆਂ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਮਜਬੂਰਨ ਮਾਹਿਰ ਡਾਕਟਰਾਂ ਕੋਲ ਜਾਣਾ ਪੈ ਰਿਹਾ ਹੈ। ਇਨ੍ਹਾਂ ਬੀਮਾਰੀਆਂ ਦੇ ਕਰਕੇ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਪੂਨੀਆ ਨੇ ਦੱਸਿਆ ਕਿ ਵੱਧ ਰਹੀ ਸਰਦੀ ਕਾਰਨ ਤਾਪਮਾਨ ’ਚ ਕਾਫੀ ਜ਼ਿਆਦਾ ਗਿਰਾਵਟ ਆ ਗਈ ਹੈ, ਜਿਸ ਕਰ ਕੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬਾਜ਼ਾਰੀ ਵਸਤੂਆਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਰਦੀ ’ਚ ਬੱਚਿਆਂ ਨੂੰ ਗਰਮ ਕੱਪੜੇ ਪਾਏ ਜਾਣ।