ਇਕ ਨਹੀਂ 3 ਸਾਬਕਾ ਅਧਿਕਾਰੀ ਬਣੇ ਹੋਏ ਹਨ ਪੰਜਾਬ ਦੇ ਮੰਤਰੀ


ਲੁਧਿਆਣਾ- ਪੰਜਾਬ ਕੈਬਨਿਟ ‘ਚ ਫੇਰਬਦਲ ਤੋਂ ਬਾਅਦ ਲੋਕਲ ਬਾਡੀਜ਼ ਮੰਤਰੀ ਬਣਾਏ ਗਏ ਬਲਕਾਰ ਸਿੰਘ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ ਕਿਉਂਕਿ ਉਹ ਸਾਬਕਾ ਪੁਲਸ ਅਧਿਕਾਰੀ ਹਨ ਪਰ ਉਨ੍ਹਾਂ ਤੋਂ ਇਲਾਵਾ 2 ਹੋਰ ਸਾਬਕਾ ਅਧਿਕਾਰੀਆਂ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਮੰਤਰੀ ਬਣਾਇਆ ਗਿਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ‘ਚ ਸਾਬਕਾ ਅਧਿਕਾਰੀਆਂ ਵੱਲੋਂ ਰਿਟਾਇਰ ਹੋਣ ਤੋਂ ਬਾਅਦ ਜਾਂ ਵਿਚਕਾਰ ਹੀ ਨੌਕਰੀ ਛੱਡਣ ‘ਤੇਸਿਆਸਤ ‘ਚ ਸਰਗਰਮ ਰੂਪ ਨਾਲ ਹਿੱਸਾ ਲੈਣ ਦੀ ਕਵਾਇਦ ਚੱਲ ਰਹੀ ਹੈ। ਇਨ੍ਹਾਂ ‘ਚੋਂ ਕਈ ਸਾਬਕਾ ਅਧਿਕਾਰੀ ਵਿਧਾਨ ਸਭਾ ਚੋਣਾਂ ਲੜਨ ਤੋਂ ਬਾਅਦ ਵਿਧਾਇਕ ਅਤੇ ਮੰਤਰੀ ਬਣ ਚੁੱਕੇ ਹਨ।
ਹੁਣ ਆਮ ਆਦਮੀ ਪਾਰਟੀ ਦੇ ਕੋਲ ਵੀ ਕਈ ਵਿਧਾਇਕ ਹਨ, ਜੋ ਪਹਿਲਾਂ ਅਧਿਕਾਰੀ ਰਹਿ ਚੁੱਕੇ ਹਨ, ਜਿਨ੍ਹਾਂ ‘ਚੋਂ ਸਰਕਾਰੀ ਡਾਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਬਲਜੀਤ ਕੌਰ ਅਤੇ ਹਰਭਜਨ ਸਿੰਘ ਈ. ਟੀ. ਓ. ਨੂੰ ਪਹਿਲਾਂ ਮੰਤਰੀ ਬਣਾਇਆ ਗਿਆ ਹੈ। ਹੁਣ ਜਲੰਧਰ ਦੇ ਹਲਕਾ ਕਰਤਾਰਪੁਰ ਤੋਂ ਚੋਣਾਂ ਲੜ ਕੇ ਵਿਧਾਇਕ ਬਣੇ ਸਾਬਕਾ ਡੀ. ਸੀ. ਪੀ. ਬਲਕਾਰ ਸਿੰਘ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕਰਨ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ।

ਕੈਬਨਿਟ ‘ਚ 3 ਦੀ ਬਜਾਏ ਹੁਣ ਰਹਿ ਗਏ 2 ਡਾਕਟਰ
ਪੰਜਾਬ ਕੈਬਨਿਟ ‘ਚ ਡਾਕਟਰਾਂ ਦੀ ਗਿਣਤੀ ਇਕ ਤੋਂ ਬਾਅਦ ਇਕ ਕਰਕੇ ਘੱਟ ਹੁੰਦੀ ਜਾ ਰਹੀ ਹੈ। ਇਨ੍ਹਾਂ ‘ਚ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਵਿਜੇ ਸਿੰਗਲਾ ਪੇਸ਼ੇ ਤੋਂ ਡਾਕਟਰ ਹਨ। ਹੁਣ ਲੋਕਲ ਬਾਡੀਜ਼ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਇੰਦਰਬੀਰ ਸਿੰਘ ਨਿੱਜਰ ਵੀ ਬਤੌਰ ਡਾਕਟਰ ਅੰਮ੍ਰਿਤਸਰ ‘ਚ ਹਸਪਤਾਲ ਚਲਾ ਰਹੇ ਹਨ। ਹਾਲਾਂਕਿ ਇਨ੍ਹਾਂ ‘ਚ ਬਲਬੀਰ ਕੌਰ ਅਤੇ ਬਲਬੀਰ ਸਿੰਘ ਦੇ ਨਾਂ ਸ਼ਾਮਲ ਹਨ। ਬਲਬੀਰ ਸਿੰਘ ਨੂੰ ਤਾਂ ਸਿਹਤ ਮੰਤਰੀ ਬਣਾਇਆ ਗਿਆ ਹੈ, ਜਦੋਂ ਕਿ ਬਲਜੀਤ ਕੌਰ ਨੂੰ ਸਮਾਜਿਕ ਸੁਰੱਖਿਆ ਦੇ ਨਾਲ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
2 ਵਕੀਲ ਵੀ ਹਨ ਭਗਵੰਤ ਮਾਨ ਦੀ ਟੀਮ ਦਾ ਹਿੱਸਾ
ਸਾਬਕਾ ਅਧਿਕਾਰੀਆਂ ਅਤੇ ਡਾਕਟਰਾਂ ਤੋਂ ਇਲਾਵਾ 2 ਵਕੀਲ ਵੀ ਭਗਵੰਤ ਮਾਨ ਦੀ ਟੀਮ ਦਾ ਹਿਸਾ ਹਨ। ਇਨ੍ਹਾਂ ‘ਚ ਹਰਪਾਲ ਚੀਮਾ ਅਤੇ ਹਰਜੋਤ ਬੈਂਸ ਦੇ ਨਾਂ ਸ਼ਾਮਲ ਹਨ। ਇਸ ਮਾਮਲੇ ਨਾਲ ਜੁੜਿਆ ਦਿਲਚਸਪ ਪਹਿਲੂ ਇਹ ਹੈ ਕਿ ਇਨ੍ਹਾਂ ਦੋਹਾਂ ਹੀ ਮੰਤਰੀਆਂ ਨੂੰ ਕਾਨੂੰਨ ਵਿਭਾਗ ਦੇਣ ਦੀ ਬਜਾਏ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ ਹੋਇਆ ਹੈ। ਇਨ੍ਹਾ ਨੂੰ ਫਾਈਨਾਂਸ ਅਤੇ ਐਕਸਾਈਜ਼ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Leave a Reply

Your email address will not be published. Required fields are marked *