ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਜਾ ਰਹੀ ਹੈ ਪੰਜਾਬ ਪੁਲਸ


ਚੰਡੀਗ਼ੜ੍ਹ : ਪੰਜਾਬ ਵਿਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨਾ ਹੁਣ ਮਹਿੰਗਾ ਪੈ ਸਕਦਾ ਹੈ ਕਿਉਂਕਿ ਪੰਜਾਬ ਪੁਲਸ ਹੁਣ ਸੂਬੇ ਵਿਚ ਆਨਲਾਈਨ ਚਲਾਨ ਦੀ ਪ੍ਰਣਾਲੀ ਵਰਗਾ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਲਈ ਸੂਬੇ ਵਿਚ 11 ਹਜ਼ਾਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਇਸ ਦਾ ਕੰਮ ਬਕਾਇਦਾ ਛੇ ਵੱਡੇ ਸ਼ਹਿਰਾਂ ਵਿਚ ਸ਼ੁਰੂ ਵੀ ਹੋ ਚੁੱਕਾ ਹੈ। ਪੰਜਾਬ ਪੁਲਸ ਨੇ ਇਸ ਪ੍ਰੋਜੈਕਟ ਨੂੰ ਲੁਧਿਆਣਾ ਵਿਚ ਟਰਾਇਲ ਵਜੋਂ ਸ਼ੁਰੂ ਕੀਤਾ ਹੈ। ਇਸ ਲਈ ਲੁਧਿਆਣਾ ਜ਼ਿਲ੍ਹੇ ਵਿਚ 1400 ਕੈਮਰੇ ਲਗਾਏ ਗਏ ਅਤੇ ਜੇਕਰ ਇਹ ਟਰਾਇਲ ਸਫ਼ਲ ਰਿਹਾ ਤਾਂ ਹੁਣ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਾ ਸਿਰਫ ਟ੍ਰੈਫਿਕ ਉਲੰਘਣਾ ਸਗੋਂ ਹਾਦਸਿਆਂ ਅਤੇ ਅਪਰਾਧਿਕ ਘਟਨਾਵਾਂ ’ਤੇ ਵੀ ਠੱਲ੍ਹ ਪਵੇਗੀ।
ਏ.ਡੀ.ਜੀ.ਪੀ. (ਟਰੈਫਿਕ ਵਿੰਗ ਪੰਜਾਬ) ਅਮਰਦੀਪ ਸਿੰਘ ਰਾਏ ਦਾ ਕਹਿਣਾ ਹੈ ਕਿ ਜਲਦੀ ਹੀ ਹੋਰ ਸ਼ਹਿਰਾਂ ਵਿਚ ਵੀ ਆਨਲਾਈਨ ਚਲਾਨ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਲੋਕ ਮੌਕੇ ’ਤੇ ਹੀ ਨਿਰਧਾਰਤ ਜੁਰਮਾਨਾ ਅਦਾ ਕਰ ਸਕਣਗੇ। ਵਿੰਗ ਨੇ 400 ਸਵਾਈਪ ਮਸ਼ੀਨਾਂ ਖਰੀਦੀਆਂ ਹਨ। 3000 ਹੋਰ ਮਸ਼ੀਨਾਂ ਖਰੀਦੀਆਂ ਜਾਣਗੀਆਂ। ਮਸ਼ੀਨ ਚਲਾਉਣ ਲਈ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਮੁਹਾਲੀ ਵਿਚ ਇਸ ਸਾਲ ਦਸੰਬਰ ਮਹੀਨੇ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਮੌਕੇ ‘ਤੇ ਭੁਗਤਿਆ ਜਾਵੇਗਾ ਚਲਾਨ
ਆਨਲਾਈਨ ਚਲਾਨ ਦੀ ਪ੍ਰਣਾਲੀ ਨੂੰ ਲਾਗੂ ਕਰਨ ਦੇ ਨਾਲ-ਨਾਲ ਪੰਜਾਬ ਪੁਲਸ ਚਲਾਨ ਦਾ ਮੌਕੇ ’ਤੇ ਭੁਗਤਾਨ ਕਰਨ ਦੀ ਸਹੂਲਤ ਵੀ ਦੇਵੇਗੀ। ਇਸ ਦਾ ਸਿੱਧਾ ਮਤਲਬ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਪੰਜਾਬ ’ਚ ਕਿਤੇ ਵੀ ਟ੍ਰੈਫਿਕ ਚਲਾਨ ਹੁੰਦਾ ਹੈ ਤਾਂ ਉਹ ਇਸ ਦਾ ਭੁਗਤਾਨ ਮੌਕੇ ’ਤੇ ਹੀ ਕਰ ਸਕਦਾ ਹੈ। ਚਲਾਨ ਕੱਟਣ ਤੋਂ ਬਾਅਦ ਲੋਕਾਂ ਨੂੰ ਪੁਲੀਸ ਲਾਈਨ ਜਾਂ ਸਬੰਧਤ ਅਦਾਲਤਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਆਨਲਾਈਨ ਚਲਾਨ ਦਾ ਭੁਗਤਾਨ ਭਾਰਤ ਅਤੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਜਦੋਂ ਕਿਸੇ ਸੈਲਾਨੀ ਦਾ ਚਲਾਨ ਕੱਟਿਆ ਜਾਂਦਾ ਹੈ ਤਾਂ ਉਸ ਨੂੰ ਚਲਾਨ ਭਰਨ ਲਈ ਕਈ ਵਾਰ ਮੁੜ ਕੇ ਆਉਣਾ ਪੈਂਦਾ ਹੈ ਜਾਂ ਫਿਰ ਇਕ ਦਿਨ ਰੁਕ ਕੇ ਚਲਾਨ ਭਰਨਾ ਪੈਂਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਤਾਂ ਦਲਾਲ ਵੀ ਆਪਣੀਆਂ ਜੇਬਾਂ ਗਰਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ। ਮੌਕੇ ‘ਤੇ ਭੁਗਤਾਨ ਦੇ ਨਾਲ, ਸੈਲਾਨੀ ਤੁਰੰਤ ਚਲਾਨ ਭੁਗਤਣ ਦੇ ਚੱਲਦੇ ਦਲਾਲਾਂ ਤੋਂ ਛੁਟਕਾਰਾ ਪਾ ਸਕਣਗੇ।

ਅਪਰਾਧਿਕ ਗਤੀਵਿਧੀਆਂ ’ਤੇ ਵੀ ਲੱਗੇਗੀ ਲਗਾਮ
ਸੀ. ਸੀ. ਟੀ. ਵੀ. ਪ੍ਰੋਜੈਕਟ ਦਾ ਮੁੱਖ ਉਦੇਸ਼ ਟ੍ਰੈਫਿਕ ਨਿਯਮਾਂ ਦੇ ਪਾਲਣਾ ਕਰਵਾਉਣ ਦੇ ਨਾਲ-ਨਾਲ ਅਜਿਹੇ ਸਥਾਨਾਂ ਦੀ ਨਿਗਰਾਨੀ ਕਰਨਾ ਵੀ ਹੈ , ਜਿੱਥੇ ਜ਼ਿਆਦਾ ਅਪਰਾਧਿਕ ਗਤੀਵਿਧੀਆਂ ਹੁੰਦੀਆਂ ਹੋਣ। ਜਿੱਥੇ ਸੁਰੱਖਿਆ ਦੇ ਨਜ਼ਰੀਏ ਤੋਂ ਚੌਕਸੀ ਰੱਖਣ ਦੀ ਲੋੜ ਹੈ। ਕਈ ਵਾਰ ਸੀ. ਸੀ. ਟੀ. ਵੀ. ਕੈਮਰੇ ਵੱਡੀਆਂ ਘਟਨਾਵਾਂ ਨੂੰ ਸੁਲਝਾਉਣ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ।

Leave a Reply

Your email address will not be published. Required fields are marked *