ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ


ਨਵੀਂ ਦਿੱਲੀ/ਜਲੰਧਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ। ਦਿੱਲੀ ਪੁਲਸ ਦੀ ਪੁੱਛਗਿੱਛ ਵਿੱਚ ਗੈਂਗਸਟਰ ਸਚਿਨ ਬਿਸ਼ਨੋਈ ਨੇ ਖ਼ੁਲਾਸਾ ਕੀਤਾ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੁਬਈ ਵਿੱਚ ਰਚੀ ਗਈ ਸੀ। ਇੱਥੋਂ ਹੀ ਉਹ ਲਾਰੈਂਸ ਅਤੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਮੂਸੇਵਾਲਾ ਦਾ ਕਤਲ ਲਾਰੈਂਸ ਦੇ ਕਹਿਣ ‘ਤੇ ਹੀ ਹੋਇਆ ਸੀ। ਸਚਿਨ ਨੇ ਹੀ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਅਤੇ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਅਪ੍ਰੈਲ ‘ਚ ਦੁਬਈ ਭੱਜ ਗਿਆ ਸੀ। ਸੂਤਰਾਂ ਮੁਤਾਬਕ ਪੁਲਸ ਵੱਲੋਂ ਪੁੱਛਗਿੱਛ ਦੌਰਾਨ ਸਚਿਨ ਨੇ ਇਹ ਗੱਲ ਵੀ ਦੱਸੀ ਕਿ ਲਾਰੈਂਸ ਬਿਸ਼ਨੋਈ ਨੇ ਗੋਲਡੀ ਨਾਲ ਰਲ ਕੇ ਮੂਸੇਵਾਲਾ ਕਤਲ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ। ਸਚਿਨ ਦੇ ਦੱਸਿਆ ਕਿ ਦੁਬਈ ਵਿੱਚ ਹੀ ਉਸ ਦੀ ਮੁਲਾਕਾਤ ਗੈਂਗਸਟਰ ਵਿਕਰਮ ਬਰਾੜ ਨਾਲ ਹੋਈ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਭਾਰਤ ਲਿਆਂਦਾ ਗਿਆ ਹੈ। ਮੂਸੇਵਾਲਾ ਕਤਲਕਾਂਡ ਮਗਰੋਂ ਗੋਲਡੀ ਨੇ ਸਚਿਨ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ ਬਲੈਕ ਲਿਸਟ ਹੋ ਚੁੱਕਾ ਹੈ ਇਸ ਕਰਕੇ ਉਹ ਡੁਬਈ ਤੋਂ ਅਜ਼ਰਬੈਜਾਨ ਚਲਾ ਜਾਵੇ। ਮੂਸੇਵਾਲਾ ਕਤਲ ਕਾਂਡ ਦੇ ਕੁਝ ਦਿਨਾਂ ਮਗਰੋਂ ਸਚਿਨ ਅਜ਼ਰਬੈਜਾਨ ਪਹੁੰਚ ਗਿਆ। ਜਿੱਥੇ ਉਹ ਕਿਰਾਏ ਦੇ ਮਕਾਨ ‘ਚ ਰਿਹਾ। ਦੱਸ ਦਈਏ ਕਿ ਫ਼ਿਲਹਾਲ ਦਿੱਲੀ ਪੁਲਸ ਵੱਲੋਂ ਅਧਿਕਾਰਕ ਤੌਰ ‘ਤੇ ਸਚਿਨ ਕੋਲੋਂ ਕੀਤੀ ਪੁੱਛਗਿੱਛ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ।

ਦੱਸਦਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਵਿਚੋਂ ਇਕ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਬੀਤੇ ਦਿਨ ਭਾਰਤ ਲਿਆਂਦਾ ਗਿਆ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈਲ ਦੀ ਟੀਮ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ ਤੋਂ ਡਿਪੋਰਟ ਕਰ ਕੇ ਭਾਰਤ ਲਿਆਈ ਹੈ। ਸਚਿਨ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ। ਉਧਰ ਦਿੱਲੀ ਪੁਲਸ ਨੇ ਸਚਿਨ ਨੂੰ ਬੀਤੇ ਦਿਨ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ 10 ਦਿਨਾਂ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਪੁਲਸ ਵੀ ਸਚਿਨ ਬਿਸ਼ਨੋਈ ਦਾ ਰਿਮਾਂਡ ਮੰਗੇਗੀ ਤਾਂ ਜੋ ਹੋਰ ਵੱਡੇ ਖ਼ੁਲਾਸੇ ਹੋ ਸਕਣ।
ਦੱਸ ਦੇਈਏ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ੂਟਰਾਂ ਨੇ ਉਸ ਦੀ ਜੀਪ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਕਤਲੇਆਮ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੋਸਟਮਾਰਟਮ ਦੌਰਾਨ ਸਿੱਧੂ ਦੇ ਸਰੀਰ ‘ਤੇ ਗੋਲੀਆਂ ਦੇ 24 ਨਿਸ਼ਾਨ ਮਿਲੇ ਸਨ। ਯਾਨੀ ਕਿ ਕਾਤਲ ਮੂਸੇਵਾਲਾ ਨੂੰ ਕਿਸੇ ਵੀ ਕੀਮਤ ‘ਤੇ ਜਿਊਂਦਾ ਨਹੀਂ ਛੱਡਣਾ ਚਾਹੁੰਦੇ ਸਨ।

Leave a Reply

Your email address will not be published. Required fields are marked *