ਬੁਢਲਾਡਾ- ਚਾਂਦਪੁਰਾ (ਹਰਿਆਣਾ) ਤੋਂ ਲੈ ਕੇ ਪੰਜਾਬ ਦੇ ਸਰਦੂਲਗੜ੍ਹ ਤੱਕ ਘੱਗਰ ਦਰਿਆ ਦੇ 60—70 ਕਿਲੋਮੀਟਰ ਦੇ ਫਾਸਲੇ ’ਚ ਇਕ ਦਰਜਨ ਤੋਂ ਵੱਧ ਪਾੜ ਪੈਣ ਕਾਰਨ ਇਹ ਖੇਤਰ ਸਮੁੰਦਰ ਦਾ ਰੂਪ ਧਾਰਨ ਕਰ ਗਿਆ ਹੈ। ਵਿਧਾਨ ਸਭਾ ਹਲਕਾ ਬੁਢਲਾਡਾ, ਸਰਦੂਲਗੜ੍ਹ ਅਤੇ ਰਤੀਆਂ (ਹਰਿਆਣਾ) ਦੇ ਦਰਜਨਾਂ ਪਿੰਡਾਂ ਨੇ ਟਾਪੂਆਂ ਦਾ ਰੂਪ ਧਾਰਨ ਕਰ ਲਿਆ ਹੈ। ਟਾਪੂ ਬਣੇ ਇਨ੍ਹਾਂ ਪਿੰਡਾਂ ਦੇ ਆਲੇ ਦੁਆਲੇ ਨਾਲੋਂ ਸਾਰੇ ਸੜਕੀ ਸੰਪਰਕ ਰਸਤੇ ਟੁੱਟੇ ਹੋਏ ਹਨ। ਹੜ੍ਹਾਂ ਤੋਂ ਪ੍ਰਭਾਵਿਤ ਇਨ੍ਹਾਂ ਪਿੰਡਾਂ ’ਚ ਕੇਵਲ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲਾ ਡੋਗਰਾ, ਰਿਉਂਦ ਕਲਾਂ, ਰਿਉਂਦ ਖੁਰਦ, ਕੁਲਰੀਆਂ, ਗੋਰਖਨਾਥ, ਮੰਡੇਰ ਅਤੇ ਹਰਿਆਣੇ ਦੇ ਪਿੰਡ ਬੱਬਣਪੁਰ, ਬਾਦਲਗੜ੍ਹ, ਚਾਂਦਪੁਰਾ, ਬਾਹਮਣਵਾਲਾ, ਲੁਠੇਰਾ, ਨੰਗਲ, ਸਰਦਾਰੇ ਵਾਲਾ ਅਤੇ ਰੋਜ਼ਾਵਾਲੀ ’ਚ ਖੇਤੀਬਾੜੀ ਦਾ 100 ਫੀਸਦੀ ਨੁਕਸਾਨ ਹੋਇਆ ਹੈ।
ਬੀਰੇਵਾਲਾ, ਰਿਉਂਦ ਕਲਾਂ, ਰਿਉਂਦ ਖੁਰਦ, ਸਾਧੂਵਾਲਾ ਅਤੇ ਫੂਸਮੰਡੀ ਧਰਾਤਲ ਤੋਂ ਜ਼ਿਆਦਾ ਨੀਵਾਂ ਹੋਣ ਕਾਰਨ ਉਥੇ ਪਾਣੀ 6—6 ਫੁੱਟ ਜਮਾਂ ਹੋ ਗਿਆ ਅਤੇ ਉਨ੍ਹਾਂ ਦਾ ਬਾਕੀ ਪਿੰਡਾਂ ਨਾਲੋਂ ਸੜਕੀ ਸੰਪਰਕ 100 ਫੀਸਦੀ ਟੁੱਟਿਆ ਹੋਇਆ ਹੈ। ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ’ਚ ਪੀਣ ਵਾਲੇ ਪਾਣੀ, ਮੱਛਰ, ਸਿਹਤ ਸਹੂਲਤਾਂ ਅਤੇ ਪਸ਼ੂਆਂ ਲਈ ਹਰੇ ਚਾਰੇ ਵਰਗੀਆਂ ਤਤਕਾਲੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ’ਚ ਸਥਾਨਕ ਪ੍ਰਸ਼ਾਸਨ ਅਸਫਲ ਨਜ਼ਰ ਆ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਉੱਤੇ ਭਾਰੀ ਰੋਸ ਹੈ, ਜਿਨ੍ਹਾਂ ਨੇ ਚਾਂਦਪੁਰਾ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਮੌਕੇ ’ਤੇ ਕੋਈ ਯਤਨ ਨਹੀਂ ਕੀਤਾ, ਜਿਸ ਕਰ ਕੇ ਅੱਜ ਹਜ਼ਾਰਾਂ ਲੋਕ ਬੇਘਰ ਹੋ ਗਏ ਅਤੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ।