ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਦੇ ਬੈਚ ਨੂੰ ਸਿੰਗਾਪੁਰ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉੱਥੇ ਜਾ ਕੇ ਇਹ ਅਧਿਆਪਕ ਪ੍ਰਿੰਸੀਪਲ ਅਕੈਡਮੀ ‘ਚ ਸਿਖਲਾਈ ਲੈਣਗੇ। ਇਹ ਪ੍ਰੋਗਰਾਮ 24 ਤੋਂ 28 ਜੁਲਾਈ ਦਾ ਰੱਖਿਆ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡਾ ਮਕਸਦ ਸਿੱਖਿਆ ਨੂੰ ਵਰਲਡ ਕਲਾਸ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਵਧੀਆ ਸਿੱਖਿਆ ਲੈ ਰਹੇ ਹਨ ਅਤੇ ਪੇਰੈਂਟਸ-ਟੀਚਰ ਮੀਟਿੰਗਾਂ ਵੀ ਲਗਾਤਾਰ ਚੱਲ ਰਹੀਆਂ ਹਨ।
ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਬੱਚਿਆਂ ਵੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲ ਜੋ ਵੀ ਸਿੱਖ ਕੇ ਆਉਣਗੇ, ਇੱਥੇ ਆ ਕੇ ਆਪਣੇ ਸਾਥੀਆਂ ਨਾਲ ਸਾਂਝਾ ਕਰਨਗੇ ਤਾਂ ਵਿੱਦਿਆ ਦਾ ਪੱਧਰ ਉੱਚਾ ਹੋਵੇਗਾ। ਸਾਡੇ ਬੱਚਿਆਂ ‘ਚ ਟੈਲੈਂਟ ਦੀ ਕਮੀ ਨਹੀਂ, ਸਗੋਂ ਉਸ ਨੂੰ ਨਿਖ਼ਾਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਯੂ. ਪੀ. ਐੱਸ. ਸੀ. ਦੀ ਟ੍ਰੇਨਿੰਗ ਲਈ 8 ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ, ਇਸ ਨੂੰ ਲੈ ਕੇ ਅੱਜ ਮੀਟਿੰਗ ਰੱਖੀ ਗਈ ਹੈ।
ਇਨ੍ਹਾਂ ਸੈਂਟਰਾਂ ‘ਚ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਯੂ. ਪੀ. ਐੱਸ. ਸੀ. ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੁਰਾਣੇ ਕੋਚਾਂ ਦੀ ਕੋਚਿੰਗ ਵੀ ਬੱਚਿਆਂ ਨੂੰ ਦੁਆਵਾਂਗੇ ਤਾਂ ਜੋ ਸਾਡੇ ਬੱਚੇ ਰੈਂਕ ਲੈ ਕੇ ਵੱਡੇ ਅਫ਼ਸਰ ਬਣ ਸਕਣ। ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਐੱਸ. ਜੀ. ਪੀ. ਸੀ. ‘ਤੇ ਫਿਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜੱਥੇਦਾਰ ਨੇ ਕਿਸੇ ਚੈਨਲ ਦਾ ਨਾਂ ਨਹੀਂ ਲਿਆ। ਐੱਸ. ਜੀ. ਪੀ. ਸੀ. ਯੂ-ਟਿਊਬ ‘ਤੇ ਟੈਂਡਰ ਲਾ ਰਹੀ ਹੈ। ਉਨ੍ਹਾਂ ਨੇ ਸਿਰਫ ਪੀ. ਟੀ. ਸੀ. ਪ੍ਰਸਾਰਣ ਲਈ ਕਿਉਂ ਕਿਹਾ। ਐੱਸ. ਜੀ. ਪੀ. ਸੀ. ਇਕ ਹੀ ਚੈਨਲ ਨੂੰ ਕਿਉਂ ਬੇਨਤੀ ਕਰ ਰਹੀ ਹੈ।