ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ‘ਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਪਹਿਲਾਂ ਹੀ ਕਰ ਲਿਆ ਸੀ। ਹੁਣ ਕੱਚੇ ਅਧਿਆਪਕਾਂ ਦੀ ਲੰਬੀ ਉਡੀਕ ਖ਼ਤਮ ਹੋ ਗਈ ਹੈ ਕਿਉਂਕਿ ਸਰਕਾਰ ਉਨ੍ਹਾਂ ਨੂੰ ਪੱਕੇ ਕਰਨ ਜਾ ਰਹੀ ਹੈ। ਸਿੱਖਿਆ ਵਿਭਾਗ ‘ਚ ਕੰਮ ਕਰਦੇ 12,500 ਅਧਿਆਪਕਾਂ ਨੂੰ 28 ਜੁਲਾਈ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ‘ਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਉਨ੍ਹਾਂ ਦੀ ਦੇਖ- ਰੇਖ ਹੇਠ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
28 ਜੁਲਾਈ, 2023 ਨੂੰ ਐਜੂਕੇਸ਼ਨ ਪ੍ਰੋਵਾਈਡਰ, ਈ. ਜੀ. ਐੱਸ., ਏ. ਆਈ. ਈ. ਸਪੈਸ਼ਲ ਇਨਕਲੂਸਿਵ ਟੀਚਰ ਅਤੇ ਆਈ. ਈ. ਵਾਲੰਟਰੀਅਰਾਂ ਨੂੰ ਸੇਵਾਵਾਂ ਪੱਕੀਆਂ ਕਰਨ ਸਬੰਧੀ ਆਰਡਰ 28 ਜੁਲਾਈ, 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕਰ ਕਮਲਾਂ ਰਾਹੀਂ ਦੇਣਗੇ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਇਨ੍ਹਾਂ ਅਧਿਆਪਕਾਂ ਦੀ ਲੰਬੀ ਉਡੀਕ ਖ਼ਤਮ ਹੋਣ ਜਾ ਰਹੀ ਹੈ, ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ।