ਮੋਹਾਲੀ ਬਲਾਸਟ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਕੀਤਾ ਇਹ ਖ਼ੁਲਾਸਾ

mann/nawanpunjab.com

ਮੋਹਾਲੀ, 10 ਮਈ –  ਪੰਜਾਬ ਪੁਲਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਇਸ ਹਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਇੰਟਲੀਜੈਂਸ ਵਿੰਗ ਅਤੇ ਪੁਲਸ ਦੇ ਅਫਸਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਮੁੱਖ ਮੰਤਰੀ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਕੁੱਝ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਅਜੇ ਹੋਰ ਵੀ ਹੋਣਗੀਆਂ। ਮਾਨ ਨੇ ਕਿਹਾ ਕਿ ਸ਼ਾਮ ਤੱਕ ਬਹੁਤ ਕੁੱਝ ਸਾਫ ਹੋ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਦੁਸ਼ਮਣਾਂ ਵਲੋਂ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਨਾਲ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਕੋਈ ਫਰਕ ਨਹੀਂ ਪਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ. ਜੀ. ਪੀ. ਅਤੇ ਪੁਲਸ ਦੇ ਉੱਚ ਅਫਸਰਾਂ ਨਾਲ ਮੀਟਿੰਗ ਕੀਤੀ ਹੈ। ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਸ ਨੂੰ ਅਜਿਹੀ ਸਖ਼ਤ ਸਜ਼ਾ ਦਿੱਤੀ ਜਾਵੇਗੀ ਕਿ ਉਸ ਦੀਆਂ ਕਈ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਉਸ ਨੇ ਹੱਸਦੇ-ਵੱਸਦੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸ਼ਾਮ ਤੱਕ ਬਹੁਤ ਕੁੱਝ ਸਾਫ ਹੋ ਜਾਵੇਗਾ।

ਟੈਰਰ ਐਂਗਲ ਨਾਲ ਵੀ ਕੀਤੀ ਜਾ ਰਹੀ ਜਾਂਚ
ਪੰਜਾਬ ਪੁਲਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਨੂੰ ਟੈਰਰ ਐਂਗਲ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ। ਰਾਕੇਟ ਪ੍ਰੋਪੇਲਡ ਗ੍ਰਨੇਡ ਅਟੈਕ ਹੋਣ ਦੀ ਵਜ੍ਹਾ ਨਾਲ ਵੱਡੇ ਅਫਰ ਜਾਂਚ ਵਿਚ ਜੁਟ ਗਏ ਹਨ। ਸ਼ੁਰੂਆਤ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਹੈੱਡਕੁਆਰਟਰ ਦੀ ਬਲਡਿੰਗ ਤੋਂ ਬਾਹਰੋਂ ਹੀ ਹਮਲਾ ਕੀਤਾ ਗਿਆ ਹੈ। ਪੁਲਸ ਮੁਤਾਬਕ ਹਮਲਾ ਲਗਭਗ 80 ਮੀਟਰ ਦੀ ਦੂਰੀ ਤੋਂ ਕੀਤਾ ਗਿਆ ਹੈ। ਅਣਪਛਾਤੇ ਹਮਲਾਵਰਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਇੰਟਲੀਜੈਂਸ ਇਲਾਕੇ ਵਿਚ ਸੀ. ਸੀ ਟੀ. ਵੀ. ਫੂਟੇਜ, ਮੋਬਾਇਲ ਟਾਵਰ ਖੰਗਾਲ ਰਹੀ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਹਰਕਤ ਨੂੰ ਕਾਇਰਾਨਾ ਹਰਕਤ ਕਰਾਰ ਦਿੱਤਾ ਹੈ, ਜੋ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕੀਤੀ ਗਈ ਹੈ।

Leave a Reply

Your email address will not be published. Required fields are marked *